12 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ, ਪੁਲਸ ਕਰਾਵੇਗੀ ਡੀ. ਐੱਨ. ਏ. ਟੈਸਟ
Thursday, Apr 11, 2019 - 01:37 PM (IST)
ਮੋਹਾਲੀ (ਕੁਲਦੀਪ) : ਮੋਹਾਲੀ ਦੇ ਕਸਬੇ ਕੁਰਾਲੀ ਸਥਿਤ ਇਕ ਲਾਵਾਰਸ ਕੇਂਦਰ 'ਚ ਰਹਿ ਰਹੀ 12 ਸਾਲਾ ਬੱਚੀ ਨੇ ਇਕ ਬੱਚੇ ਨੂੰ ਸੈਕਟਰ-32 ਹਸਪਤਾਲ 'ਚ ਜਨਮ ਦਿੱਤਾ। ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਮਹੀਨੇ 'ਚ ਮੋਹਾਲੀ ਦੇ ਪੁਲਸ ਥਾਣੇ ਫੇਜ਼-1 'ਚ ਬੱਚੀ ਦੇ ਬਿਆਨਾਂ 'ਤੇ ਪੁਲਸ ਨੇ ਉਸ ਦੇ ਮਤਰੇਏ ਪਿਓ 'ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ, ਜੋ ਕਿ ਇਸ ਸਮੇਂ ਕਾਨੂੰਨੀ ਹਿਰਾਸਤ 'ਚ ਹੈ।
ਬੱਚੀ ਦਾ ਦੋਸ਼ ਸੀ ਕਿ ਉਸ ਦਾ ਪਿਤਾ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਪੁਲਸ ਨੇ ਮੈਡੀਕਲ ਕਰਾਇਆ ਤਾਂ ਬੱਚੀ ਗਰਭਵਤੀ ਹੋ ਚੁੱਕੀ ਸੀ, ਜਿਸ ਨੂੰ ਕੁਰਾਲੀ ਦੇ ਲਾਵਾਰਸ ਕੇਂਦਰ 'ਚ ਰੱਖਿਆ ਗਿਆ ਸੀ। ਜਾਣਕਾਰੀ ਮੁਤਾਬਕ ਪੁਲਸ ਹੁਣ ਉਸ ਬੱਚੇ ਦਾ ਡੀ. ਐੱਨ. ਏ. ਟੈਸਟ ਕਰਾਉਣ ਦੀ ਤਿਆਰੀ 'ਚ ਹੈ, ਤਾਂ ਜੋ ਰਿਪੋਰਟ ਦੇ ਆਧਾਰ 'ਤੇ ਅਦਾਲਤ 'ਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਪੁਲਸ ਇਸ ਕੇਸ 'ਚ ਪਿਛਲੇ ਮਹੀਨੇ ਚਲਾਨ ਪੇਸ਼ ਕਰ ਚੁੱਕੀ ਹੈ ਅਤੇ ਹੁਣ ਡੀ. ਐੱਨ. ਏ. ਟੈਸਟ ਦੀ ਤਿਆਰੀ ਕੀਤੀ ਜਾ ਰਹੀ ਹੈ।