ਮਾਨਸਾ ''ਚ ਮੁਸ਼ਕਲ ਬਣੇ ਹਾਲਾਤ, ਪਿੰਡ ਦੇ ਲੋਕ ਪਰੇਸ਼ਾਨ, ਪੜ੍ਹੋ ਪੂਰੀ ਖ਼ਬਰ
Thursday, Aug 28, 2025 - 03:24 PM (IST)

ਮਾਨਸਾ (ਪਰਦੀਪ) : ਜਿੱਥੇ ਪੂਰੇ ਪੰਜਾਬ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ, ਉੱਥੇ ਹੀ ਮਾਨਸਾ ਦੇ ਪਿੰਡ ਮੰਡਾਲੀ 'ਚ ਸਰਹਿੰਦ ਡਰੇਨ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਨਾਲ ਡਰੇਨ 'ਚ ਕਾਫੀ ਜ਼ਿਆਦਾ ਕੇਲੀ ਫਸ ਚੁੱਕੀ ਹੈ। ਇਸ ਨੂੰ ਕੱਢਣ ਲਈ ਪਿੰਡ ਵਾਸੀ ਤਿੰਨ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਅਤੇ ਪਿੰਡ ਵਾਸੀਆਂ ਵੱਲੋਂ ਆਪਣੇ ਖ਼ਰਚੇ 'ਤੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਹਿੰਦ ਡਰੇਨ 'ਚ ਪਾਣੀ ਦਾ ਪੱਧਰ 2 ਦਿਨਾਂ ਤੋਂ ਅਚਾਨਕ ਵੱਧ ਗਿਆ, ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸੀ ਅਤੇ ਪਿੰਡ ਵਾਸੀਆਂ ਨੇ ਆਪਣੇ ਪੱਧਰ 'ਤੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ। ਹਾਲਾਂਕਿ ਇਹ ਜ਼ਿੰਮੇਵਾਰੀ ਅਧਿਕਾਰੀਆਂ ਦੀ ਬਣਦੀ ਹੈ ਪਰ 3 ਦਿਨਾਂ ਤੋਂ ਕੋਈ ਵੀ ਵਿਭਾਗੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਅਤੇ ਅਸੀਂ ਪਿੰਡ ਵਾਸੀਆਂ ਨੇ ਪੈਸੇ ਇਕੱਠੇ ਕਰਕੇ ਇੱਥੇ ਜੇ. ਸੀ. ਬੀ. ਮਸ਼ੀਨ ਅਤੇ ਟਰੈਕਟਰ-ਟਰਾਲੀਆਂ ਮੰਗਵਾਈਆਂ ਹਨ।
ਇਸ ਨਾਲ ਕੇਲੀ ਨੂੰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਦਫ਼ਤਰਾਂ 'ਚ ਬੈਠ ਕੇ ਏ. ਸੀ. ਦੀ ਹਵਾ ਮਾਣ ਰਹੇ ਹਨ ਪਰ ਅਜੇ ਤੱਕ ਸਾਡੀ ਕਿਸੇ ਨੇ ਵੀ ਸਾਰ ਨਹੀਂ ਲਈ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਸੀ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਨੂੰ ਬਚਾਇਆ ਜਾਵੇ ਕਿਉਂਕਿ 1993 ਅਤੇ 1988 'ਚ ਸਾਡਾ ਪਿੰਡ ਇਸੇ ਪਾਣੀ ਨਾਲ ਤਬਾਹ ਹੋ ਚੁੱਕਿਆ ਹੈ।