ਤਨਖਾਹਾਂ ਤੋਂ ਵਾਂਝੇ ਅਧਿਆਪਕਾਂ ਨੇ ਲਾਏ ਧਰਨੇ

Tuesday, Aug 21, 2018 - 11:28 PM (IST)

ਤਨਖਾਹਾਂ ਤੋਂ ਵਾਂਝੇ ਅਧਿਆਪਕਾਂ ਨੇ ਲਾਏ ਧਰਨੇ

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਪੰਜਾਬ ਐਂਡ ਏਡਿਡ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ.) ਦੇ ਸੱਦੇ ’ਤੇ ਰਾਹੋਂ ਰੋਡ ਸਥਿਤ ਆਰ.ਕੇ.ਆਰੀਆ ਕਾਲਜ ਦੇ ਅਧਿਆਪਕਾਂ  ਨੇ ਰੈਗੁੂਲਰ ਗ੍ਰਾਂਟ ਜਾਰੀ ਕਰਨ ਦੀ ਮੰਗ ਸਬੰਧੀ  ਪ੍ਰਿੰਸੀਪਲ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ। ਇਸ ਦੌਰਾਨ ਅਧਿਆਪਕਾਂ ਨੇ 2 ਪੀਰੀਅਡ ਤੱਕ ਹਡ਼ਤਾਲ ਰੱਖ ਕੇ ਕੰਮਕਾਜ ਵੀ ਠੱਪ ਰੱਖਿਆ। ਯੂਨੀਅਨ ਦੇ ਪ੍ਰਧਾਨ ਡਾ. ਸੰਜੀਵ ਡਾਬਰ, ਸਕੱਤਰ ਅੰਬਿਕਾ ਗੌਰੀ ਅਤੇ ਪ੍ਰੋ. ਵਿਨੇ ਸੋਫਤ ਨੇ ਕਿਹਾ ਕਿ ਪੰਜਾਬ ਸਰਕਾਰ ਏਡਿਡ ਕਾਲਜ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਗੰਭੀਰ ਨਹੀਂ ਹੈ। ਜਿਸ ਕਾਰਨ ਸੂਬੇ ਭਰ ਦੇ ਏਡਿਡ ਕਾਲਜ ਅਧਿਆਪਕਾਂ ਵਿਚ ਸਰਕਾਰ ਦੇ ਖਿਲਾਫ ਭਾਰੀ ਰੋਹ ਪਾਇਆ ਜਾ ਰਿਹਾ ਹੈ।  ਪਿਛਲੇ 5 ਮਹੀਨਿਅਾਂ ਤੋਂ ਸਰਕਾਰ ਵੱਲੋਂ ਗ੍ਰਾਂਟ ਜਾਰੀ ਨਾ ਕੀਤੇ ਜਾਣ ਕਰ ਕੇ ਅਧਿਆਪਕ ਤਨਖਾਹਾਂ ਤੋਂ ਵਾਂਝੇ  ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਠੇਕੇ ’ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਰੈਗੂਲਰ ਕਰ ਕੇ ਪੂਰੀ ਤਨਖਾਹ ਅਤੇ ਭੱਤੇ ਦਿੱਤੇ ਜਾਣ, 7ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਜਲਦੀ ਲਾਗੂ ਕੀਤਾ ਜਾਵੇ ਅਤੇ ਅਧਿਆਪਕਾਂ ਨੂੰ ਰੈਗੂਲਰ ਗ੍ਰਾਂਟ ਜਾਰੀ ਕੀਤੀ ਜਾਵੇ। ਯੂਨੀਅਨ ਪ੍ਰਧਾਨ ਡਾ. ਸੰਜੀਵ ਡਾਬਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਲਾਗੂ ਨਹੀਂ ਕੀਤਾ ਤਾਂ ਉਨ੍ਹਾਂ ਦੀ ਯੂਨੀਅਨ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।  ਇਸੇ ਲਡ਼ੀ ਤਹਿਤ 5 ਸਤੰਬਰ ਨੂੰ ਅਧਿਆਪਕ ਵੱਲੋਂ ਅਧਿਆਪਕ ਦਿਵਸ ਨੂੰ ਕਾਲੇ ਦਿਵਸ ਦੇ ਤੌਰ ’ਤੇ ਮਨਾਇਆ ਜਾਵੇਗਾ।  ਇਸੇ  ਤਰ੍ਹਾਂ ਰਾਹੋਂ ਰੋਡ ’ਤੇ ਸਥਿਤ ਡੀ.ਏ.ਐੱਨ. ਕਾਲਜ ਆਫ ਐਜੂਕੇਸ਼ਨ ’ਚ ਕਾਲਜ ਅਧਿਆਪਕਾਂ ਨੇ ਰੈਗੂਲਰ ਗ੍ਰਾਂਟ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਰੋਸ ਧਰਨਾ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆ  ਪ੍ਰਧਾਨ ਪ੍ਰੋ. ਕ੍ਰਿਸ਼ਨ ਕੁਮਾਰ ਗੋਇਲ ਨੇ ਕਿਹਾ ਕਿ ਸਰਕਾਰ ਸਿੱਖਿਆ ਵਿਰੋਧੀ ਨੀਤੀਅਾਂ ਕਾਰਨ ਜਿੱਥੇ ਉੱਚ ਸਿੱਖਿਆ ਨੂੰ ਬਰਬਾਦ ਕਰਨ ਵਿਚ ਲੱਗੀ ਹੋਈ ਹੈ ਉੱਥੇ  ਅਧਿਆਪਕਾਂ ਦੀਅਾਂ ਮੰਗਾਂ ਨੂੰ ਵੀ ਲਗਾਤਾਰ ਦਰਕਿਨਾਰ ਕਰ ਰਹੀ ਹੈ। ਇਸ ਮੌਕੇ  ਗੁਰਵਿੰਦਰ ਕੌਰ, ਕਰੁਣਾ ੳੁਬਰਾਏ, ਕਵਿਤਾ, ਮੀਨਾਕਸ਼ੀ ਗਰੋਵਰ, ਵਿਕਾਸ ਤੇਜੀ, ਰਜਨੀ ਬਾਲਾ, ਸੰਜੀਵ ਅਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।


Related News