ਧੁੰਦ ਤੇ ਸਮੋਗ ਕਾਰਨ ਖ਼ਰਾਬ ਹੋ ਰਹੇ ਹਾਲਾਤ, ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ

Saturday, Nov 16, 2024 - 04:58 PM (IST)

ਧੁੰਦ ਤੇ ਸਮੋਗ ਕਾਰਨ ਖ਼ਰਾਬ ਹੋ ਰਹੇ ਹਾਲਾਤ, ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ

ਜਲਾਲਾਬਾਦ (ਬੰਟੀ ਦਹੂਜਾ) : ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਲੋਕਾਂ ਨੂੰ ਸਮੋਗ ਅਤੇ ਧੁੰਦ ਕਾਰਨ ਲਗਾਤਾਰ ਖ਼ਰਾਬ ਹੋ ਰਹੇ ਜ਼ਿਲ੍ਹੇ ਦੇ ਏਅਰ ਕੁਆਲਿਟੀ ਇੰਡੈਕਸ ਪ੍ਰਤੀ ਚੌਕਸ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਧੁੱਪ ਨਾ ਨਿਕਲਣ ਅਤੇ ਬਾਰਸ਼ ਨਾ ਹੋਣ ਕਰਕੇ ਹਾਲਾਤ ਹੋਰ ਖ਼ਰਾਬ ਹੋ ਰਹੇ ਹਨ ਅਤੇ ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ। ਇਸ ਨਾਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਾਹ ਲੈਣ ਦੀ ਸਮੱਸਿਆ ਪੇਸ਼ ਆ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਮੋਗ ਤੇ ਪ੍ਰਦੂਸ਼ਿਤ ਹਵਾ ਤੋਂ ਬਚਾਅ ਲਈ ਕਿਸੇ ਵੀ ਕੰਮ ਲਈ ਘਰੋਂ ਬਾਹਰ ਜਾਣ ਸਮੇਂ ਮਾਸਕ ਜ਼ਰੂਰ ਪਹਿਨੋ।
ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਠੰਡੀ ਹਵਾ ਦੌਰਾਨ ਪਾਣੀ ਦੀਆਂ ਬੂੰਦਾਂ, ਧੂੜ-ਮਿੱਟੀ ਅਤੇ ਹਵਾ ਵਿੱਚ ਮੌਜੂਦ ਖ਼ਤਰਨਾਕ ਤੱਤ ਜਿਵੇਂ ਨਾਈਟ੍ਰੋਜਨ ਆਕਸਾਈਡ ਅਤੇ ਆਰਗੇਨਿਕ ਕੰਪਾਊਂਡ ਮਿਲ ਕੇ ਇੱਕ ਪਰਤ ਬਣਾਉਂਦੇ ਹਨ, ਜੋ ਸਮੋਗ ਦਾ ਨਿਰਮਾਣ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪਰਾਲੀ ਸਾੜਨ ਕਾਰਨ ਵੀ ਹਵਾ ਪ੍ਰਦੂਸ਼ਣ ਦੀ ਮਾਤਰਾ ਕਾਫੀ ਵੱਧ ਗਈ ਹੈ। ਪਰਾਲੀ ਸਾੜਨ ਕਾਰਨ ਜੋ ਧੂੰਆਂ ਬਣਦਾ ਹੈ, ਉਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ, ਦਮਾ, ਫੇਫੜਿਆਂ ਵਿੱਚ ਸੰਕਰਮਣ ਜ਼ੁਕਾਮ ਅਤੇ ਅੱਖਾਂ ਵਿੱਚ ਜਲਣ ਦੀ ਸਮੱਸਿਆ ਪੇਸ਼ ਆਉਂਦੀ ਹੈ। ਇਸ ਲਈ ਸਾਨੂੰ ਸਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਸਾੜਨ ਤੋਂ ਪਰਹੇਜ਼ ਕੀਤਾ ਜਾਵੇ ਅਤੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਂ ਹਦਾਇਤਾਂ ਅਨੁਸਾਰ ਪਰਾਲੀ ਦਾ ਪ੍ਰਬੰਧਨ ਕੀਤਾ ਜਾਵੇ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਅਤੇ ਲੋਕਾਂ ਨੂੰ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਈਆ ਜਾ ਸਕੇ।

ਉਨ੍ਹਾਂ ਨੇ ਅਸਥਮਾ, ਸਾਹ ਦੀਆਂ ਬੀਮਾਰੀਆਂ ਸਹਿ ਰੋਗਾਂ ਨਾਲ ਪੀੜਤ ਮਰੀਜ਼ਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਸਵੇਰੇ-ਸ਼ਾਮ ਦੀ ਸੈਰ ਤੋਂ ਪਰਹੇਜ਼ ਕਰਨ, ਆਪਣੀਆਂ ਦਵਾਈਆਂ ਤੇ ਖਾਣ-ਪਾਣ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਜੇਕਰ ਬਾਹਰ ਜਾਣਾ ਜ਼ਰੂਰੀ ਹੈ ਤਾਂ ਮਾਸਕ ਪਹਿਨ ਕੇ ਹੀ ਘਰੋਂ ਬਾਹਰ ਜਾਓ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਜ਼ਿਆਦਾ ਪ੍ਰਦੂਸ਼ਣ ਵਾਲੀਆਂ ਥਾਵਾਂ ‘ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਸਵੇਰੇ ਅਤੇ ਦੇਰ ਸ਼ਾਮ ਨੂੰ ਬਹੁਤ ਜ਼ਰੂਰੀ ਕੰਮ ਨਾ ਹੋਣ ਤੇ ਘਰੋਂ ਬਾਹਰ ਨਿਕਲਣ ਤੋਂ ਬਚਿਆ ਜਾਵੇ।


author

Babita

Content Editor

Related News