ਨਕਾਬਪੋਸ਼ ਨੌਜਵਾਨਾਂ ਨੇ ਪਿਸਤੌਲ ਦੀ ਨੋਕ ’ਤੇ ਮੋਟਰਸਾਈਕਲ ਸਵਾਰ ਨੂੰ ਲੁੱਟਿਆ
Thursday, Apr 23, 2026 - 05:22 PM (IST)
ਅਬੋਹਰ (ਸੁਨੀਲ) : ਸਥਾਨਕ ਸੁਭਾਸ਼ ਨਗਰ ’ਚ ਇਕ ਵਿਅਕਤੀ ਆਪਣੇ ਪੁੱਤਰ ਨਾਲ ਮੋਟਰਸਾਈਕਲ ’ਤੇ ਆਪਣੇ ਭਰਾ ਦੇ ਹੋਟਲ ’ਚ ਕੱਪੜੇ ਪਹੁੰਚਾਉਣ ਜਾ ਰਿਹਾ ਸੀ ਤਾਂ ਰਸਤੇ ’ਚ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਕਾਪਿਆਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਉਸ ਦਾ ਫ਼ੋਨ ਖ਼ੋਹ ਲਿਆ। ਨੇੜਲੇ ਨਿਵਾਸੀਆਂ ਦੀ ਮਦਦ ਨਾਲ ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਸਿਟੀ ਪੁਲਸ ਸਟੇਸ਼ਨ ਨੰਬਰ-2 ਦੀ ਪੁਲਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਇਲਾਜ ਅਧੀਨ ਅਜੀਮਗੜ੍ਹ ਵਾਸੀ ਮੇਨਪਾਲ ਪੁੱਤਰ ਮਾਹਰ ਨੇ ਦੱਸਿਆ ਕਿ ਉਸ ਦਾ ਭਰਾ ਸ਼ਹਿਰ ਦੇ ਇਕ ਹੋਟਲ ’ਚ ਕੰਮ ਕਰਦਾ ਹੈ। ਬੀਤੀ ਰਾਤ ਕਰੀਬ 7.30 ਵਜੇ ਉਹ ਅਤੇ ਉਸ ਦਾ ਪੁੱਤਰ ਸੁਭਾਸ਼ ਨਗਰ ’ਚੋਂ ਮੋਟਰਸਾਈਕਲ ’ਤੇ ਜਾ ਰਹੇ ਸਨ। ਜਦੋਂ ਉਹ ਇਕ ਕੱਚੀ ਸੜਕ ਦੇ ਨੇੜੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਉਸ ਦੇ ਅੱਗੇ ਲਾ ਲਿਆ, ਜਿਨ੍ਹਾਂ ਕੋਲ ਪਿਸਤੌਲ ਤੇ ਕਾਪੇ ਸਨ। ਉਨ੍ਹਾਂ ਨੇ ਉਸ ਨੂੰ ਲੁੱਟਣ ਦੇ ਮਕਸਦ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
ਜਦੋਂ ਉਨ੍ਹਾਂ ਨੂੰ ਉਸ ਕੋਲੋਂ ਕੋਈ ਪੈਸਾ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਉਸ ਦਾ ਮੋਬਾਇਲ ਲਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਨੇ ਉਸ ਦੇ ਸਿਰ ਅਤੇ ਲੱਤਾਂ ’ਤੇ ਕਾਪਿਆਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜਦੋਂ ਉਸ ਨੇ ਰੌਲਾ ਪਾਇਆ ਤਾਂ ਨੇੜਲੇ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਉਥੋਂ ਫ਼ਰਾਰ ਹੋ ਗਏ। ਹਸਪਤਾਲ ਦੇ ਡਾਕਟਰਾਂ ਅਨੁਸਾਰ ਮੇਨਪਾਲ ਨੂੰ 12 ਟਾਂਕੇ ਲਾਏ ਗਏ ਹਨ। ਥਾਣਾ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਪੁਲਸ ਟੀਮ ਦੇ ਨਾਲ ਮੌਕੇ ’ਤੇ ਗਏ ਅਤੇ ਜ਼ਖ਼ਮੀ ਦੇ ਬਿਆਨ ਦਰਜ ਕੀਤੇ, ਜਿਸ ਦੇ ਆਧਾਰ ’ਤੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
