ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕਣਕ ਦੀ ਰਹਿੰਦ-ਖੂੰਹਦ/ਨਾੜ ਨੂੰ ਅੱਗ ਲਾਉਣ ‘ਤੇ ਪਾਬੰਦੀ
Wednesday, Apr 22, 2026 - 05:28 PM (IST)
ਫ਼ਿਰੋਜ਼ਪੁਰ (ਸੋਨੂੰ ਚੋਪੜਾ) : ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਅਮਨਦੀਪ ਕੌਰ ਪੀ. ਸੀ. ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ ਦੀ ਧਾਰਾ-163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਕਣਕ ਦੀ ਕਟਾਈ ਤੋਂ ਬਾਅਦ ਬੱਚ ਗਈ ਰਹਿੰਦ ਖੂੰਹਦ (ਨਾੜ) ਨੂੰ ਅੱਗ ਲਗਾਉਣ/ਸਾੜਨ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਕਣਕ ਦੇ ਸੀਜ਼ਨ ਦੌਰਾਨ ਕਣਕ ਦੀ ਕਟਾਈ ਉਪਰੰਤ ਕਈ ਕਿਸਾਨਾਂ ਵੱਲੋਂ ਫ਼ਸਲ ਦੀ ਰਹਿੰਦ-ਖੂੰਹਦ (ਨਾੜ) ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਕਰ ਕੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਜਨਤਾ ਦੀ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ।
ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਇਸ ਤੋਂ ਇਲਾਵਾ ਜ਼ਮੀਨ ਦੀ ਉਪਰਲੀ ਸਤ੍ਹਾ ਨੂੰ ਅੱਗ ਲਾਉਣ ਨਾਲ ਜ਼ਮੀਨ 'ਚ ਮੌਜੂਦ ਕਈ ਲਾਭਦਾਇਕ ਜੀਵਾਣੂ ਵੀ ਮਰ ਜਾਂਦੇ ਹਨ ਅਤੇ ਆਲੇ-ਦੁਆਲੇ ਦੇ ਖੇਤਾਂ 'ਚ ਖੜ੍ਹੀ ਫ਼ਸਲ ਦੇ ਨਾਲ-ਨਾਲ ਪਿੰਡਾ 'ਚ ਵੀ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਦੀ ਲਗਾਈ ਜਾਂਦੀ ਅੱਗ ਨਾਲ ਪੈਦਾ ਹੋਣ ਵਾਲੇ ਧੂੰਏਂ ਕਾਰਨ ਸੜਕ ਉੱਪਰ ਹਾਦਸੇ ਵਾਪਰਨ ਨਾਲ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਅਤੇ ਪਿੰਡਾਂ ਆਦਿ ਹੋਰ ਥਾਵਾਂ 'ਤੇ ਲੜਾਈ ਹੋਣ ਦਾ ਖ਼ਦਸ਼ਾ ਵੀ ਰਹਿੰਦਾ ਹੈ। ਇਨ੍ਹਾਂ ਤੱਥਾਂ ਨੂੰ ਦੇਖਦੇ ਹੋਏ ਉਕਤ ਅਨੁਸਾਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਅਗਲੇ 02 ਮਹੀਨੇ ਤੱਕ ਜਾਰੀ ਰਹਿਣਗੇ।
