ਗੁੰਗੇ ਅਤੇ ਬੋਲੇ ਨੌਜਵਾਨ ਦੀ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਦਰਦਨਾਕ ਮੌਤ
Friday, Apr 17, 2026 - 04:05 PM (IST)
ਅਬੋਹਰ (ਸੁਨੀਲ) : ਸਥਾਨਕ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰੀ ’ਤੇ ਪਲੇਠੀ ’ਤੇ ਅੱਜ ਦੁਪਹਿਰ ਇਕ ਦਰਦਨਾਕ ਹਾਦਸਾ ਵਾਪਰਿਆ। ਇਕ 20 ਸਾਲਾ ਬੋਲੇ ਅਤੇ ਗੁੰਗੇ ਨੌਜਵਾਨ ਦੀ ਰੇਲਗੱਡੀ ਦੀ ਚਪੇਟ ਵਿਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਮ੍ਰਿਤਕ ਦੇ ਇਕ ਭਰਾ ਦੀ ਪਹਿਲਾਂ ਹੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਸੀ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਜੀਆਰਪੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਮੁਰਦਾਘਰ ਵਿੱਚ ਰਖਵਾਇਆ ਹੈ।
ਜਾਣਕਾਰੀ ਅਨੁਸਾਰ ਈਦਗਾਹ ਬਸਤੀ, ਗਲੀ ਨੰਬਰ ਜੀਰੋ ਵਾਸੀ ਲਗਭਗ 20 ਸਾਲਾ ਰਾਜਾ ਪੁੱਤਰ ਤਰਸੇਮ ਜਿਹੜਾ ਕਿ ਬੋਲਾ ਅਤੇ ਗੁੰਗਾ ਸੀ ਅਤੇ ਮਜ਼ਦੂਰੀ ਕਰਦਾ ਸੀ। ਉਸਦੇ ਮਾਤਾ-ਪਿਤਾ ਵੀ ਦਿਹਾੜੀ ਮਜ਼ਦੂਰੀ ਕਰਦੇ ਹਨ। ਅੱਜ ਰਾਜਾ ਰੇਲਵੇ ਸਟੇਸ਼ਨ ਦੀ ਪਲੇਠੀ 'ਤੇ ਉਥੇ ਆਉਣ ਵਾਲੇ ਮਾਲ ਦੀ ਨਿਗਰਾਨੀ ਕਰ ਰਿਹਾ ਸੀ ਜਦੋਂ ਦੁਪਹਿਰ 1 ਵਜੇ ਦੇ ਕਰੀਬ, ਰੇਲਗੱਡੀ ਆਈ। ਉਸਨੂੰ ਰੇਲਗੱਡੀ ਦਾ ਹਾਰਨ ਸੁਣਾਈ ਨਹੀਂ ਦਿੱਤਾ ਅਤੇ ਰੇਲਗੱਡੀ ਦੀ ਚਪੇਟ ਵਿਚ ਆ ਕੇ ਉਹ ਗੰਭੀਰ ਜ਼ਖਮੀ ਹੋ ਗਿਆ।
ਨੇੜਲੇ ਵਸਨੀਕਾਂ ਨੇ ਜੀਆਰਪੀ ਪੁਲਸ ਨੂੰ ਸੂਚਿਤ ਕੀਤਾ। ਜਿਸ ’ਤੇ ਪੁਲਸ ਕਰਮਚਾਰੀ ਬਲਦੇਵ ਸਿੰਘ ਮੌਕੇ ’ਤੇ ਪਹੁੰਚੇ ਅਤੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਬਿੱਟੂ ਨਰੂਲਾ ਅਤੇ ਸੋਨੂੰ ਦੀ ਮਦਦ ਨਾਲ ਉਸਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੇ ਹਸਪਤਾਲ ਦੇ ਡਾਕਟਰ ਯੋਗੇਸ਼ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
