ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ ਦਾ ਮਾਮਲਾ, ਠੇਕੇਦਾਰ ਸਣੇ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ

Friday, Apr 17, 2026 - 11:20 AM (IST)

ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ ਦਾ ਮਾਮਲਾ, ਠੇਕੇਦਾਰ ਸਣੇ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਗੁਰੂਹਰਸਹਾਏ (ਸਿਕਰੀ) : ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਵਾਸਲ ਮੋਹਨ ਕੇ (ਗੋਲੂ ਕਾ ਮੋੜ) ਵਿਖੇ ਦੁਕਾਨ ਦੀ ਦੂਜੀ ਮੰਜ਼ਿਲ 'ਤੇ ਪੈ ਰਹੇ ਲੈਂਟਰ ਦੇ ਡਿੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਥਾਣਾ ਗੁਰੂਹਰਸਹਾਏ ਪੁਲਸ ਨੇ ਇਕ ਠੇਕੇਦਾਰ ਸਮੇਤ 2 ਲੋਕਾਂ ਖ਼ਿਲਾਫ਼ ਮਾਮਲਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰਿੰਕੂ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਮੋਹਨ ਕੇ ਹਿਠਾੜ ਨੇ ਦੱਸਿਆ ਕਿ ਮਿਤੀ 15 ਅਪ੍ਰੈਲ 2026 ਨੂੰ ਠੇਕੇਦਾਰ ਬਲਵਿੰਦਰ ਸਿੰਘ ਦੇ ਕਹਿਣ ’ਤੇ ਉਸ ਦਾ ਭਰਾ ਸੋਨੂੰ ਸਿੰਘ ਸਮੇਤ ਆਪਣੇ ਬਾਕੀ ਸਾਥੀਆਂ ਨਾਲ ਲੈਂਟਰ ਸੰਜੀਵ ਕੁਮਾਰ ਦੀ ਦੁਕਾਨ ਦੀ ਦੂਸਰੀ ਮੰਜ਼ਿਲ ’ਤੇ ਲੈਂਟਰ ਪਾਉਣ ਲਈ ਕੰਮ ਕਰ ਰਹੇ ਸੀ। ਉਸ ਦਾ ਭਰਾ ਸੋਨੂੰ ਸਿੰਘ ਅਤੇ ਨਾਲ ਕੰਮ ਕਰ ਰਹੇ ਲੇਵਰ ਵਾਲਿਆਂ ਵੱਲੋਂ ਵੀ ਮਨ੍ਹਾਂ ਕਰਨ ਦੇ ਬਾਵਜੂਦ ਵੀ ਠੇਕੇਦਾਰ ਬਲਵਿੰਦਰ ਸਿੰਘ ਵੱਲੋਂ ਲੋੜ ਨਾਲੋਂ ਵੱਧ ਮਟੀਰੀਅਲ ਪੁਆਇਆ ਜਾ ਰਿਹਾ ਸੀ, ਸ਼ਟਰਿੰਗ ਦਾ ਸਮਾਨ ਘਟੀਆ ਅਤੇ ਘੱਟ ਲਗਾਇਆ ਗਿਆ।

ਰਿੰਕੂ ਨੇ ਦੱਸਿਆ ਕਿ ਕਰੀਬ 4.40 ਵਜੇ ਉਹ ਦੁਕਾਨ ਦੇ ਕੋਲੋਂ ਲੰਘ ਰਿਹਾ ਸੀ ਤਾਂ ਉਹ ਵੀ ਉੱਥੇ ਰੁਕ ਗਿਆ। ਲੈਂਟਰ ਉਪਰ ਮਟੀਰੀਅਲ ਵੱਧ ਘੱਟ ਪਾਉਣ ਕਰਕੇ ਲੈਂਟਰ ਹੇਠਾਂ ਲੱਗੀਆਂ ਬੱਲੀਆਂ ਡਿੱਗਣ ਲੱਗ ਗਈਆਂ ਤਾਂ ਉਸ ਦਾ ਭਰਾ ਸੋਨੂੰ ਸਿੰਘ ਬੇਸਮੈਂਟ ਹੇਠਾਂ ਲੈਂਟਰ ਵੇਖਣ ਗਿਆ ਤਾਂ ਇੰਨੇ ਨੂੰ ਸਾਰਾ ਲੈਂਟਰ ਉਸ ਦੇ ਉੱਪਰ ਡਿੱਗ ਪਿਆ ਤਾਂ ਉਸ ਦਾ ਭਰਾ ਸੋਨੂੰ ਸਿੰਘ ਲੈਂਟਰ ਦੇ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਦੋਸ਼ੀਅਨ ਸੰਜੀਵ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਵਾਸਲ ਮੋਹਨ ਕੇ (ਗੋਲੂ ਕਾ ਮੋੜ) ਅਤੇ ਠੇਕੇਦਾਰ ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੱਕ ਮੇਘਾ ਵੀਰਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News