ਗੁਰੂਹਰਸਹਾਏ ਸ਼ਹਿਰ ''ਚ ਕਈ ਥਾਵਾਂ ''ਤੇ ਸਟਰੀਟ ਲਾਈਟਾਂ ਬੰਦ, ਲੋਕ ਹੋ ਰਹੇ ਪਰੇਸ਼ਾਨ
Thursday, Apr 16, 2026 - 04:35 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੀਆਂ ਕਾਫੀ ਜ਼ਿਆਦਾ ਸਟਰੀਟ ਲਾਈਟਾਂ ਖ਼ਰਾਬ ਹੋਣ ਕਾਰਨ ਬੰਦ ਪਈਆਂ ਹਨ ਅਤੇ ਸ਼ਹਿਰ ਅੰਦਰ ਕਾਫੀ ਹਨ੍ਹੇਰਾ ਰਹਿੰਦਾ ਹੈ। ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਿਆ ਹੈ ਅਤੇ ਸੜਕਾਂ 'ਤੇ ਹਨ੍ਹੇਰਾ ਹੋਣ ਕਾਰਨ ਲਗਾਤਾਰ ਹਾਦਸੇ ਹੋ ਰਹੇ ਹਨ। ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ। ਸ਼ਹਿਰ ਦੀ ਫਰੀਦਕੋਟ ਰੋਡ, ਪੁਰਾਣਾ ਮਾਲ ਗੋਦਾਮ ਗੇਟ, ਅਗਰਸੇਨ ਚੌਂਕ, ਰੇਲਵੇ ਪੁਲ, ਵਿਸ਼ਕਰਮਾ ਚੌਂਕ ਅਤੇ ਹੋਰ ਕਈ ਕਾਲੋਨੀਆਂ 'ਚ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਸ਼ਹਿਰ ਹਨ੍ਹੇਰੇ 'ਚ ਡੁੱਬਿਆ ਪਿਆ ਹੈ ਅਤੇ ਲੋਕ ਰੌਸ਼ਨੀ ਨੂੰ ਤਰਸ ਗਏ ਹਨ। ਹੁਣ ਸ਼ਹਿਰ ਵਾਸੀ ਇਹ ਗੱਲ ਕਹਿ ਰਹੇ ਹਨ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਖ਼ਬਰਾਂ ਲੱਗਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਬਣੀ ਨੂੰ ਚਾਰ ਸਾਲ ਹੋ ਗਏ ਹਨ ਪਰ ਸ਼ਹਿਰ ਦਾ ਕੋਈ ਸੁਧਾਰ ਨਹੀਂ ਹੋਇਆ। ਲੋਕਾਂ ਨੇ ਦੱਸਿਆ ਕਿ ਕਿਸਾਨ ਕਣਕ ਦੀ ਫ਼ਸਲ ਵੱਢ ਕੇ ਸ਼ਹਿਰ ਦੀ ਅਨਾਜ ਮੰਡੀ 'ਚ ਸੁੱਟਣ ਲਈ ਲੈ ਕੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਰੇਲਵੇ ਪੁਲ ਉੱਪਰੋਂ ਲੰਘ ਕੇ ਮੁੱਖ ਦਾਣਾ ਮੰਡੀ 'ਚ ਜਾਣਾ ਪੈਂਦਾ ਹੈ ਪਰ ਰੇਲਵੇ ਪੁਲ 'ਤੇ ਕੋਈ ਵੀ ਸਟਰੀਟ ਲਾਈਟ ਨਹੀਂ ਜਗਦੀ। ਬਹੁਤ ਹੀ ਜ਼ਿਆਦਾ ਹਨ੍ਹੇਰਾ ਰਹਿੰਦਾ ਹੈ, ਜਿਸ ਕਾਰਨ ਹਾਦਸਾ ਵਾਪਰਨ ਦਾ ਹਰ ਵੇਲੇ ਖ਼ਤਰਾ ਬਣਿਆ ਰਹਿੰਦਾ ਹੈ। ਕਿਸਾਨਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਸ਼ਹਿਰ ਅਤੇ ਰੇਲਵੇ ਪੁਲ ਦੀਆ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਜਲਦੀ ਠੀਕ ਕੀਤਾ ਜਾਵੇ ਤਾਂ ਜੋ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ।
