ਫਾਜ਼ਿਲਕਾ ''ਚ ਮੋਬਾਇਲ ਤੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਚੱਲੀ ਗੋਲੀ, ਮਾਂ-ਪੁੱਤ ਗੰਭੀਰ ਜ਼ਖ਼ਮੀ

Monday, Apr 27, 2026 - 01:45 PM (IST)

ਫਾਜ਼ਿਲਕਾ ''ਚ ਮੋਬਾਇਲ ਤੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਚੱਲੀ ਗੋਲੀ, ਮਾਂ-ਪੁੱਤ ਗੰਭੀਰ ਜ਼ਖ਼ਮੀ

ਫਾਜ਼ਿਲਕਾ (ਸੁਨੀਲ ਨਾਗਪਾਲ) : ਜਲਾਲਾਬਾਦ ਦੇ ਪਿੰਡ ਘੁਬਾਇਆ 'ਚ ਮੋਬਾਇਲ ਫ਼ੋਨ ਅਤੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਚੱਲਣ ਅਤੇ ਹਿੰਸਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ 'ਚ ਇੱਕ ਨੌਜਵਾਨ ਅਤੇ ਉਸਦੀ ਮਾਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਘੁਬਾਇਆ ਦੇ ਰਹਿਣ ਵਾਲੇ ਵਿਜੇ (ਅਜੈ) ਨਾਮਕ ਨੌਜਵਾਨ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਦੀ ਇੱਕ ਵਿਆਹੁਤਾ ਔਰਤ ਨਾਲ ਨਜਾਇਜ਼ ਸਬੰਧ ਸਨ। ਅਜੈ ਨੇ ਉਕਤ ਔਰਤ ਨੂੰ ਇੱਕ ਨਵਾਂ ਮੋਬਾਇਲ ਫ਼ੋਨ ਤੋਹਫ਼ੇ ਵਜੋਂ ਦਿੱਤਾ ਸੀ, ਪਰ ਦੋਹਾਂ ਵਿਚਾਲੇ ਹੋਈ ਕਿਸੇ ਗੱਲ ਦੀ ਤਕਰਾਰ ਤੋਂ ਬਾਅਦ ਉਹ ਮੋਬਾਇਲ ਵਾਪਸ ਲੈ ਆਇਆ।

ਜਦੋਂ ਇਸ ਗੱਲ ਦਾ ਪਤਾ ਔਰਤ ਦੇ ਪਤੀ ਜਤਿੰਦਰ ਸਿੰਘ ਨੂੰ ਲੱਗਾ ਤਾਂ ਉਹ ਆਪਣੀ ਪਤਨੀ ਦੇ ਸਬੰਧਾਂ ਬਾਰੇ ਪਤਾ ਕਰਨ ਲਈ ਅਜੈ ਦੇ ਘਰ ਪਹੁੰਚ ਗਿਆ ਅਤੇ ਮੋਬਾਇਲ ਦੀ ਮੰਗ ਕਰਨ ਲੱਗਾ। ਇਸ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਜਤਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਘਰ 'ਚ ਦਾਖ਼ਲ ਹੋ ਕੇ ਅਜੈ ਅਤੇ ਉਸਦੀ ਮਾਂ ਸ਼ੀਲਾ ਬਾਈ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਹੰਗਾਮੇ ਨੂੰ ਦੇਖ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਗੁੱਸੇ 'ਚ ਆ ਕੇ ਹਮਲਾਵਰ ਪਤੀ ਦੀ ਕਾਰ ਦੀ ਭੰਨਤੋੜ ਕਰ ਦਿੱਤੀ। ਹਾਦਸੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਉਹ ਫਿਰ ਮੌਕੇ 'ਤੇ ਆਏ ਅਤੇ ਗੋਲੀ ਚਲਾ ਦਿੱਤੀ ਅਤੇ ਆਪਣੀ ਕਾਰ ਲੈ ਕੇ ਫ਼ਰਾਰ ਹੋ ਗਏ। ਡੀ. ਐੱਸ. ਪੀ. ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
 


author

Babita

Content Editor

Related News