ਫਾਜ਼ਿਲਕਾ ''ਚ ਦਰਦਨਾਕ ਹਾਦਸਾ : ਕੰਬਾਈਨ ਤੋਂ ਡਿੱਗਣ ਕਾਰਨ ਮਜ਼ਦੂਰ ਦੀ ਮੌਤ

Monday, Apr 20, 2026 - 04:10 PM (IST)

ਫਾਜ਼ਿਲਕਾ ''ਚ ਦਰਦਨਾਕ ਹਾਦਸਾ : ਕੰਬਾਈਨ ਤੋਂ ਡਿੱਗਣ ਕਾਰਨ ਮਜ਼ਦੂਰ ਦੀ ਮੌਤ

ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਪਿੰਡ ਕਬੂਲਸ਼ਾਹ ਖੁੱਬਣ 'ਚ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਮਜ਼ਦੂਰ ਦੀ ਕੰਬਾਈਨ ਹਾਰਵੈਸਟਰ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਭੇਜ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਇੱਕ ਪਰਿਵਾਰ ਵੱਲੋਂ ਖੇਤਾਂ 'ਚ ਕਣਕ ਦੀ ਕਟਾਈ ਕਰਵਾਈ ਜਾ ਰਹੀ ਸੀ। ਜਦੋਂ ਇੱਕ ਖੇਤ ਦੀ ਕਟਾਈ ਤੋਂ ਬਾਅਦ ਦੂਜੇ ਖੇਤ ਜਾਣਾ ਸੀ ਤਾਂ ਰਸਤਾ ਦਿਖਾਉਣ ਲਈ ਖੇਤ ਮਾਲਕ ਨੇ ਆਪਣੇ ਮਜ਼ਦੂਰ ਗੁਰਭੇਜ ਸਿੰਘ ਨੂੰ ਕੰਬਾਈਨ 'ਤੇ ਬਿਠਾ ਦਿੱਤਾ। ਦੋਸ਼ ਹਨ ਕਿ ਰਸਤੇ 'ਚ ਕੰਬਾਈਨ ਚਾਲਕ ਅਤੇ ਉਸ ਦੇ ਸਾਥੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।

ਜਦੋਂ ਗੁਰਭੇਜ ਸਿੰਘ ਨੇ ਉਨ੍ਹਾਂ ਦਾ ਬਚਾਅ ਕਰਨ ਅਤੇ ਝਗੜਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਚਲਦੀ ਕੰਬਾਈਨ ਤੋਂ ਹੇਠਾਂ ਡਿੱਗ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਚੱਲਦੀ ਕੰਬਾਈਨ ਤੋਂ ਧੱਕਾ ਦਿੱਤਾ ਗਿਆ, ਜਿਸ ਕਾਰਨ ਉਹ ਟਾਇਰ ਦੇ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਸੁਰਜੀਤ ਸਿੰਘ ਨੇ ਇਸ ਮਾਮਲੇ 'ਚ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਖੂਈਖੇੜਾ ਦੇ ਐੱਸ. ਐੱਚ. ਓ. ਪ੍ਰਗਟ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News