ਡੇਂਗੂ ਤੇ ਮਲੇਰੀਆ ਬੁਖਾਰ ਦੇ ਕਹਿਰ ਨਾਲ ਲੋਕਾਂ ''ਚ ਸਹਿਮ

Tuesday, Oct 31, 2017 - 01:10 AM (IST)

ਮੰਡੀ ਘੁਬਾਇਆ(ਕੁਲਵੰਤ)-ਹਰ ਰੋਜ਼ ਅਖ਼ਬਾਰਾਂ 'ਚ ਛਪਦੀਆਂ ਖ਼ਬਰਾਂ ਤੇ ਡੇਂਗੂ ਤੇ ਮਲੇਰੀਆ ਆਦਿ ਬੀਮਾਰੀਆਂ ਨਾਲ ਹੁੰਦੀਆਂ ਮੌਤਾਂ ਕਾਰਨ ਪਿੰਡਾਂ 'ਚ ਸਹਿਮ ਹੈ ਤੇ ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਨਾ ਕਰਨ ਨਾਲ ਉਹ ਮਾਯੂਸ ਹਨ। ਜਾਣਕਾਰੀ ਅਨੁਸਾਰ ਪਿੰਡਾਂ 'ਚ ਡੇਂਗੂ ਅਤੇ ਮਲੇਰੀਆ ਆਦਿ ਬੀਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਸਿਹਤ ਵਿਭਾਗ ਵੱਲੋਂ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਪੀ. ਐੱਚ. ਸੀ. ਜੰਡਵਾਲਾ ਭੀਮੇਸ਼ਾਹ ਅਧੀਨ ਆਉਂਦੇ ਹਨ ਤੇ ਇਸ ਸੈਂਟਰ ਵੱਲੋਂ ਅੱਜ ਤੋਂ 3 ਮਹੀਨੇ ਪਹਿਲਾਂ ਇਨ੍ਹਾਂ ਪਿੰਡਾਂ 'ਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣੀਆਂ ਸਨ ਪਰ ਹੁਣ ਕਈ ਮਹੀਨਿਆਂ ਤੋਂ ਇਨ੍ਹਾਂ ਪਿੰਡਾਂ 'ਚ ਕਿਸੇ ਤਰ੍ਹਾਂ ਦਾ ਕੋਈ ਜਾਗਰੂਕਤਾ ਕੈਂਪ ਨਹੀਂ ਲਾਇਆ ਗਿਆ। ਸਿਹਤ ਵਿਭਾਗ ਆਪਣੀ ਗੂੜ੍ਹੀ ਨੀਂਦ 'ਚ ਸੁੱਤਾ ਪਿਆ ਹੈ, ਜਿਸ ਕਾਰਨ ਇਨ੍ਹਾਂ ਪਿੰਡਾਂ 'ਚ ਮੱਛਰ ਤੋਂ ਵਧ ਰਹੀਆਂ ਬੀਮਾਰੀਆਂ ਦੇ ਬਚਾਅ ਲਈ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਕਈ ਥਾਈਂ ਪਿੰਡਾਂ ਦੀਆਂ ਨਾਲੀਆਂ 'ਚ ਖੜ੍ਹੇ ਗੰਦੇ ਪਾਣੀ ਨਾਲ ਮੱਛਰ ਦੀ ਭਰਮਾਰ ਹੋ ਰਹੀ ਹੈ। ਲੋਕਾਂ ਨੂੰ ਜਾਗਰੂਕ ਕਰਨ ਦੀ ਬੇਹੱਦ ਲੋੜ ਹੈ, ਜੋ ਕਿ ਸਿਹਤ ਵਿਭਾਗ ਵੱਲੋਂ ਕੀਤਾ ਜਾਣਾ ਜ਼ਰੂਰੀ ਹੈ। ਲੋਕਾਂ ਨੇ ਮੰਗ ਕੀਤੀ ਕਿ ਪਿੰਡਾਂ 'ਚ ਕੈਂਪ ਲਾ ਕੇ ਡੇਂਗੂ ਤੇ ਮਲੇਰੀਆ ਬੁਖਾਰ ਦੇ ਵੱਖ-ਵੱਖ ਲੱਛਣਾਂ ਬਾਰੇ ਵਿਸਥਾਰ ਨਾਲ ਦੱਸਿਆ ਜਾਣਾ ਚਾਹੀਦਾ ਹੈ। ਇਸ ਸਬੰਧੀ ਜਦੋਂ ਪੀ. ਐੱਚ. ਸੀ. ਜੰਡਵਾਲਾ ਭੀਮੇਸ਼ਾਹ ਦੇ ਬੀ. ਈ. ਈ. ਹਰਮੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ, ਜਦਕਿ ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਵੀ ਆਪਣਾ ਪੱਖ ਪੂਰਦੇ ਹੋਏ ਕਿਹਾ ਕਿ ਸਾਡੀਆਂ ਕਈ ਮੀਟਿੰਗਾਂ ਚੱਲ ਰਹੀਆਂ ਸਨ ਅਤੇ ਕਈ ਪਿੰਡਾਂ 'ਚ ਅਸੀਂ ਜਾਗਰੂਕਤਾ ਕੈਂਪ ਲਾ ਰਹੇ ਹਾਂ ਤੇ ਜਲਦ ਹੀ ਇਨ੍ਹਾਂ ਪਿੰਡਾਂ 'ਚ ਵੀ ਕੈਂਪ ਲਾਏ ਜਾਣਗੇ।


Related News