ਡੇਰਾਬੱਸੀ ''ਚ ਪੈਰ ਪਸਾਰਨ ਲੱਗਾ ਡੇਂਗੂ, ਹੁਣ ਤੱਕ 29 ਮਰੀਜ਼ ਆਏ ਸਾਹਮਣੇ
Thursday, Sep 19, 2024 - 01:14 PM (IST)
ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਹਲਕੇ ’ਚ ਡੇਂਗੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਅਤੇ ਕਮਿਊਨਿਟੀ ਹੈਲਥ ਸੈਂਟਰ ਢਕੌਲੀ ’ਚ ਇਸ ਸੀਜ਼ਨ ਦੇ ਹੁਣ ਤੱਕ 29 ਡੇਂਗੂ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ 2 ਸ਼ੱਕੀ ਮਰੀਜ਼ ਸਿਵਲ ਹਸਪਤਾਲ ਦੇ ਡੇਂਗੂ ਵਾਰਡ ’ਚ ਦਾਖ਼ਲ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਡੇਂਗੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਪੱਬਾਂ ਭਾਰ ਹੋ ਗਿਆ ਹੈ। ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਡੇਂਗੂ ਪਾਜ਼ੇਟਿਵ ਮਰੀਜ਼ ਦੇ ਘਰ ਨੇੜੇ 70 ਤੋਂ ਲੈ ਕੇ 100 ਘਰਾਂ ’ਚ ਸਰਵੇ ਕੀਤੇ ਜਾ ਰਹੇ ਹਨ। ਜਿਸ ’ਚ ਹੋਰ ਮਰੀਜ਼ਾਂ ਤੇ ਡੇਂਗੂ ਦੇ ਕਾਰਨਾਂ ਸਬੰਧੀ ਪਤਾ ਲਗਾਇਆ ਜਾ ਸਕੇ।
ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਡੇਂਗੂ ਮਰੀਜ਼ਾਂ ਲਈ ਕੀਤੇ ਪ੍ਰਬੰਧਾਂ ਸਬੰਧੀ ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਦੇ ਐੱਸ. ਐੱਮ. ਓ. ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ’ਚ ਡੇਂਗੂ ਦੀ ਮੁਫ਼ਤ ਜਾਂਚ ਕੀਤੀ ਜਾਂਦੀ ਹੈ। ਮਰੀਜ਼ਾਂ ਲਈ ਇਕ ਸਪੈਸ਼ਲ ਵਾਰਡ ਬਣਾਇਆ ਹੋਇਆ ਹੈ, ਜਿਸ ’ਚ ਦਾਖ਼ਲ ਮਰੀਜ਼ਾਂ ਦੀ ਸਮੇਂ-ਸਮੇਂ ਸਿਰ ਮਾਹਰ ਡਾਕਟਰਾਂ ਵੱਲੋਂ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਡੇਂਗੂ ਬੁਖ਼ਾਰ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਪਾਣੀ ਇਕੱਤਰ ਨਾ ਹੋਣ ਦੇਣ, ਕੂਲਰ, ਫਰਿੱਜ ਆਦਿ ਦੀ ਸਫ਼ਾਈ ਰੱਖਣ ਅਤੇ ਸਰੀਰ ਨੂੰ ਢੱਕ ਕੇ ਰੱਖਣ ਦੇ ਨਾਲ-ਨਾਲ ਬੁਖ਼ਾਰ ਹੋਣ ‘ਤੇ ਸਿਹਤ ਜਾਂਚ ਕਰਵਾਉਣ ਦੀ ਸਲਾਹ ਵੀ ਦਿੱਤੀ।
ਉਨ੍ਹਾਂ ਦੱਸਿਆ ਕਿ ਡੇਂਗੂ ਟੈਸਟ ਸਿਵਲ ਹਸਪਤਾਲ ਵਿਖੇ ਮੁਫ਼ਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਨਿੱਜੀ ਕਲੀਨਿਕਾਂ ਤੇ ਹਸਪਤਾਲਾਂ ’ਚ ਵੀ ਬੁਖ਼ਾਰ ਸਮੇਤ ਸੈੱਲ ਘੱਟਣ ਦੇ ਮਰੀਜ਼ ਲਗਾਤਾਰ ਵੱਧ ਰਹੇ ਹਨ, ਜਿਨ੍ਹਾਂ ਦੇ ਅੰਕੜਿਆਂ ਨੂੰ ਉਕਤ ਮਰੀਜ਼ਾਂ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਐੱਸ. ਐੱਮ. ਓ. ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਡੇਂਗੂ ਦਾ ਪ੍ਰਕੋਪ ਘੱਟ ਹੈ। ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸ਼ੁਕਰਵਾਰ ਡਰਾਈ ਡੇਅ ਵਜੋਂ ਮਨਾਉਂਦੇ ਹੋਏ ਘਰਾਂ ’ਚ ਕੰਟੇਨਰ ਸਰਵੇ ਆਦਿ ਕੀਤੇ ਜਾ ਰਹੇ ਹਨ। ਸ਼ਹਿਰੀ ਖੇਤਰ ’ਚ ਡੇਂਗੂ ਲਾਰਵਾ ਮਿਲਣ ’ਤੇ ਨਗਰ ਪ੍ਰੀਸ਼ਦ ਤੇ ਪੇਂਡੂ ਖੇਤਰ ’ਚ ਪੰਚਾਇਤ ਵਿਭਾਗ ਨੂੰ ਚਲਾਨ ਕਰਨ ਲਈ ਲਿਖਿਆ ਜਾਂਦਾ ਹੈ।