ਪੰਜਾਬ ''ਚ ਪੈ ਰਹੀ ਭਿਆਨਕ ਗਰਮੀ ਕਾਰਣ ਵਿਗੜਣ ਲੱਗੀ ਵਿਦਿਆਰਥੀਆਂ ਦੀ ਸਿਹਤ, ਸਕੂਲਾਂ ਦਾ ਸਮਾਂ ਬਦਲਣ ਦੀ ਮੰਗ
Thursday, Aug 01, 2024 - 06:27 PM (IST)
ਲੁਧਿਆਣਾ/ਜਲੰਧਰ (ਵਿੱਕੀ) : ਵੱਧਦੀ ਗਰਮੀ ਨਾਲ ਬਰਸਾਤੀ ਮੌਸਮ ’ਚ ਵੱਧ ਰਹੀ ਹੁੰਮਸ ਨੇ ਲੱਖਾਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਪੇਂਡੂ ਖੇਤਰਾਂ ਦੇ ਸਰਕਾਰੀ ਸਕੂਲਾਂ ਦੀ ਸਥਿਤੀ ਤਾਂ ਹੋਰ ਵੀ ਤਰਸਯੋਗ ਹੈ, ਜਿੱਥੇ ਬਿਜਲੀ ਦੀ ਸਮੱਸਿਆ ਵੀ ਗੰਭੀਰ ਹੈ। ਹੁੰਮਸ ਕਾਰਨ ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਤੋਂ ਹਟ ਕੇ ਗਰਮੀ ਤੋਂ ਬਚਣ ’ਤੇ ਕੇਂਦਰਿਤ ਹੋ ਗਿਆ ਹੈ। ਕਲਾਸਾਂ ’ਚ ਬੱਚੇ ਕਾਪੀਆਂ ਅਤੇ ਕਿਤਾਬਾਂ ਨੂੰ ਹੱਥ ’ਚ ਫੜ ਕੇ ਹਵਾ ਲੈ ਕੇ ਪਸੀਨਾ ਸੁਕਾਉਂਦੇ ਆਮ ਦੇਖੇ ਜਾ ਸਕਦੇ ਹਨ। ਇਸ ਹਾਲਾਤ ਵਿਚ ਬੱਚੇ ਕੀ ਪੜ੍ਹਾਈ ਕਰਦੇ ਹੋਣਗੇ ਇਸ ਗੱਲ ਦਾ ਅੰਦਾਜ਼ਾ ਤਾਂ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ। ਬਿਜਲੀ ਜਾਣ ’ਤੇ ਪੱਖੇ ਬੰਦ ਹੋਣ ਨਾਲ ਕਲਾਸਾਂ ਤਪਦੀਆਂ ਭੱਠੀਆਂ ’ਚ ਤਬਦੀਲ ਹੋ ਜਾਂਦੀਆਂ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੜ੍ਹਾਈ ਕਰਨ ਦੀ ਬਜਾਏ ਪਸੀਨਾ ਪੂੰਝਣ ’ਚ ਹੀ ਜ਼ਿਆਦਾ ਸਮਾਂ ਲੱਗ ਰਿਹਾ ਹੈ। ਅਧਿਆਪਕ ਵੀ ਕਾਫੀ ਪ੍ਰੇਸ਼ਾਨ ਹਨ। ਅਧਿਆਪਕ ਦੱਸਦੇ ਹਨ ਕਿ ਬਿਜਲੀ ਕੱਟਾਂ ਅਤੇ ਹੁੰਮਸ ਕਾਰਨ ਉਹ ਵਿਦਿਆਰਥੀ ਨੂੰ ਸਹੀ ਤਰ੍ਹਾਂ ਪੜ੍ਹਾ ਨਹੀਂ ਪਾ ਰਹੇ। ਸਰਕਾਰ ਜਾ ਪ੍ਰਸ਼ਾਸਨ ਨੂੰ ਸਕੂਲਾਂ ਦੀ ਟਾਈਮਿੰਗ ’ਚ ਬਦਲਾਅ ਕਰਕੇ ਖਾਸ ਕਰ ਕੇ ਪੰਜਵੀਂ ਤੱਕ ਦੇ ਬੱਚਿਆਂ ਲਈ ਛੁੱਟੀ ਦਾ ਟਾਈਮ 12 ਵਜੇ ਤੱਕ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਲਈ ਅਹਿਮ ਖ਼ਬਰ, ਜਾਰੀ ਹੋਏ ਸਖ਼ਤ ਹੁਕਮ
ਪੀਣ ਵਾਲੇ ਪਾਣੀ ਦੀ ਕਿੱਲਤ
ਬਿਜਲੀ ਦੀ ਕਟੌਤੀ ਕਾਰਨ ਪਾਣੀ ਦੀ ਪੰਪਿੰਗ ਵੀ ਪ੍ਰਭਾਵਿਤ ਹੋ ਰਹੀ ਹੈ। ਬਿਜਲੀ ਕਟੌਤੀ ਕਾਰਨ ਸਕੂਲਾਂ ’ਚ ਪਾਣੀ ਦੀਆਂ ਟੈਂਕੀਆਂ ਖਾਲੀ ਹੋ ਜਾਂਦੀਆਂ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਪੀਣ ਵਾਲੇ ਪਾਣੀ ਲਈ ਭਟਕਣਾ ਪੈ ਰਿਹਾ ਹੈ। ਗਰਮੀ ਕਾਰਨ ਪਾਣੀ ਦੀ ਕਮੀ ਨਾਲ ਵਿਦਿਆਰਥੀਆਂ ਦੀ ਸਿਹਤ ’ਤੇ ਵੀ ਬੁਰਾ ਅਸਰ ਹੋ ਰਿਹਾ ਹੈ।
ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਇਨ੍ਹਾਂ ਤਾਰੀਖ਼ਾਂ ਨੂੰ ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ
ਜਨਰੇਟਰ ਅਤੇ ਇਨਵਰਟਰ ਦੀ ਕਮੀ
ਸਰਕਾਰੀ ਸਕੂਲਾਂ ’ਚ ਜਨਰੇਟਰ ਅਤੇ ਇਨਵਰਟਰ ਨਾ ਹੋਣ ਦੀ ਵੱਡੀ ਸਮੱਸਿਆ ਬਣ ਗਈ ਹੈ। ਬਿਜਲੀ ਕਟੌਤੀ ਦੇ ਸਮੇਂ ਸਕੂਲਾਂ ’ਚ ਕੋਈ ਵਿਕਲਪਿਕ ਊਰਜਾ ਸਰੋਤ ਨਾ ਹੋਣ ਕਾਰਨ ਪੱਖੇ, ਲਾਈਟ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਬੰਦ ਹੋ ਜਾਂਦੇ ਹਨ। ਇਸ ਨਾਲ ਨਾ ਸਿਰਫ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗਰਮੀ ਅਤੇ ਹੁੰਮਸ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਪੜ੍ਹਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਸ ਕਮੀ ਕਾਰਨ ਵਿਦਿਆਰਥੀਆਂ ਨੂੰ ਕਲਾਸਾਂ ’ਚ ਧਿਆਨ ਕੇਂਦਰਿਤ ਕਰਨ ’ਚ ਕਠਿਨਾਈ ਹੁੰਦੀ ਹੈ ਅਤੇ ਉਨ੍ਹਾਂ ਦੀ ਸਿੱਖਿਆ ’ਤੇ ਬੁਰਾ ਅਸਰ ਪੈਂਦਾ ਹੈ ।
ਹ ਵੀ ਪੜ੍ਹੋ : ਐੱਸ. ਜੀ. ਪੀ. ਸੀ. ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਫਿਰ ਵਧਾਈ ਗਈ ਰਜਿਸਟ੍ਰੇਸ਼ਨ ਤਾਰੀਖ਼
ਕੀ ਕਹਿਣਾ ਹੈ ਵਿਦਿਆਰਥੀਆਂ ਦੇ ਮਾਪਿਆਂ ਦਾ
ਇਸ ਸਬੰਧੀ ਇਕ ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦੀ ਸਥਿਤੀ ਬੇਹੱਦ ਖਰਾਬ ਹੋ ਗਈ ਹੈ। ਗਰਮੀ ਕਾਰਨ ਵੀ ਬੱਚੇ ਸਕੂਲ ਵਿਚ ਅਸਹਿਜ ਮਹਿਸੂਸ ਕਰ ਰਹੇ ਹਨ। ਸਾਨੂੰ ਸਰਕਾਰ ਤੋਂ ਉਮੀਦ ਹੈ ਕਿ ਉਹ ਇਸ ਸਥਿਤੀ ’ਤੇ ਧਿਆਨ ਦੇਣਗੇ ਅਤੇ ਜਲਦੀ ਹੱਲ ਕੱਢਿਆ ਜਾਵੇਗਾ। ਇਕ ਹੋਰ ਬੱਚੇ ਦੇ ਪਿਤਾ ਰਾਕੇਸ਼ ਨੇ ਕਿਹਾ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਹੀ ਬਹੁਤ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਹੁਣ ਇਹ ਬਿਜਲੀ ਕਟੌਤੀ ਸਾਡੇ ਬੱਚਿਆਂ ਦੇ ਭਵਿੱਖ ਲਈ ਅਤੇ ਵੀ ਹਾਨੀਕਾਰਕ ਸਾਬਿਤ ਹੋ ਰਹੀ ਹੈ।
ਇਹ ਵੀ ਪੜ੍ਹੋ : ਢੀਂਡਸਾ ਨੇ ਅਨੁਸ਼ਾਸਨੀ ਕਮੇਟੀ ਦਾ ਫ਼ੈਸਲਾ ਕੀਤਾ ਰੱਦ, ਕਿਹਾ ਸੁਖਬੀਰ ਬਾਦਲ ਪ੍ਰਧਾਨਗੀ ਦੇ ਲਾਇਕ ਨਹੀਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8