Breaking : ਪੰਜਾਬ ਪੁਲਸ ਤੇ ਅੱਤਵਾਦੀਆਂ ਵਿਚਾਲੇ ਐਨਕਾਊਂਟਰ, ISI ਮਾਡਿਊਲ ਦਾ ਪਰਦਾਫਾਸ਼ (ਤਸਵੀਰਾਂ)
Thursday, Nov 20, 2025 - 09:25 PM (IST)
ਲੁਧਿਆਣਾ (ਰਾਜ/ਅਨਿਲ) : ਪੰਜਾਬ ਪੁਲਸ ਦੀ ਲੁਧਿਆਣਾ ਵਿਚ ਵੱਡੀ ਕਾਰਵਾਈ ਸਾਹਮਣੇ ਆਈ ਹੈ। ਲਾਡੋਵਾਲ ਟੋਲ ਪਲਾਜ਼ਾ ਨੇੜੇ ਪੰਜਾਬ ਪੁਲਸ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਦੀ ਖਬਰ ਹੈ। ਪੁਲਸ ਵੱਲੋਂ ਦੋ ਅੱਤਵਾਦੀਆਂ ਦਾ ਐਨਕਾਊਂਟਰ ਕੀਤਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਮੌਕੇ ਉੱਤੇ ਪਹੁੰਚ ਗਏ ਹਨ।

ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਪੁਲਸ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਇਹ ਮੁਕਾਬਲਾ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਉੱਤੇ ਲਾਡੋਵਾਲ ਟੋਲ ਪਲਾਜ਼ਾ ਦੇ ਨੇੜੇ ਹੋਇਆ। ਪੁਲਸ ਦੀ ਗੋਲੀਬਾਰੀ ਵਿਚ ਦੋ ਅੱਤਵਾਦੀ ਜ਼ਖਮੀ ਹੋਏ ਹਨ। ਪੁਲਸ ਨੇ ਮੌਕੇ ਤੋਂ 2 ਹੈਂਡ ਗ੍ਰਨੇਡ ਤੇ 4 ਪਿਸਤੌਲ ਤੇ 50 ਤੋਂ ਜ਼ਿਆਦਾ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਮੁਕਾਬਲੇ ਦਾ ਪਤਾ ਲੱਗਦੇ ਹੀ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਮੌਕੇ ਉੱਤੇ ਪਹੁੰਚ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਟੈਰਰ ਮਾਡਿਊਲ ਸੀ। ਜੋ ਪਾਕਿਸਤਾਨ ਆਈਐੱਸਆਈ ਦੇ ਸਪੋਰਟ ਨਾਲ ਚੱਲ ਰਿਹਾ ਸੀ। ਉਨ੍ਹਾਂ ਨੇ ਕੋਈ ਵੱਡੀ ਵਾਰਦਾਤ ਕਰਨੀ ਸੀ। ਹਾਲਾਂਕਿ ਪੁਲਸ ਕਮਿਸ਼ਨਰ ਨੇ ਕਿਹਾ ਕਿ ਅਜੇ ਇਸ ਬਾਰੇ ਵਿਚ ਕੁਝ ਨਹੀਂ ਕਿਹਾ ਜਾ ਸਕਦਾ।
In a major breakthrough, Ludhiana Police Bust #PAK ISI Backed Multi-State Gangster-Terror Module; links with Lawrence Bishnoi Gang uncovered. 2 shot (one critically injured). pic.twitter.com/7nFC4iCBSY
— Commissioner of Police, Ludhiana (@Ludhiana_Police) November 20, 2025
ਪਾਕਿਸਤਾਨ ਦੇ ਅੱਤਵਾਦੀ ਮਾਡਿਊਲ ਨਾਲ ਜੁੜੇ ਅੱਤਵਾਦੀ
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਅੱਤਵਾਦੀ ਪਾਕਿਸਤਾਨੀ ਖੁਫੀਆ ਏਜੰਸੀ, ਆਈਐੱਸਆਈ ਦੁਆਰਾ ਚਲਾਏ ਜਾ ਰਹੇ ਇੱਕ ਅੱਤਵਾਦੀ ਮਾਡਿਊਲ ਨਾਲ ਜੁੜੇ ਹੋਏ ਸਨ। ਪਾਕਿਸਤਾਨ ਵਿੱਚ ਸਥਿਤ ਉਨ੍ਹਾਂ ਦੇ ਹੈਂਡਲਰ ਨੇ ਵੱਖ-ਵੱਖ ਥਾਵਾਂ ਨਾਲ ਸੰਪਰਕ ਕੀਤਾ। ਹਰੇਕ ਵਿਅਕਤੀ ਨੂੰ ਇੱਕ ਵੱਖਰਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਨੂੰ ਵਰਚੁਅਲ ਨੰਬਰਾਂ ਤੋਂ ਕਾਲਾਂ ਆਈਆਂ। ਵਰਚੁਅਲ ਨੰਬਰ ਪਾਕਿਸਤਾਨ ਤੋਂ ਕੰਮ ਕਰ ਰਿਹਾ ਸੀ, ਅਤੇ ਕਾਲਾਂ ਵੀ ਉਥੋਂ ਆ ਰਹੀਆਂ ਸਨ। ਕਾਲ ਕਰਨ ਵਾਲਾ ਆਈਐੱਸਆਈ ਨਾਲ ਜੁੜਿਆ ਹੋਇਆ ਸੀ। ਇਸ ਸਮੂਹ ਦੇ ਵੇਰਵੇ ਜਲਦੀ ਹੀ ਸਾਹਮਣੇ ਆਉਣਗੇ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ, ਲੁਧਿਆਣਾ ਪੁਲਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਵਿੱਚ ਫਤਿਹਾਬਾਦ, ਹਰਿਆਣਾ ਦਾ ਅਜੈ, ਭੋਜਪੁਰ, ਬਿਹਾਰ ਦਾ ਅਰਸ਼ ਅਤੇ ਫਿਰੋਜ਼ਪੁਰ, ਬਿਹਾਰ ਦਾ ਸ਼ਮਸ਼ੇਰ ਸ਼ਾਮਲ ਹਨ। ਸਾਰਿਆਂ ਦਾ ਅਪਰਾਧਿਕ ਰਿਕਾਰਡ ਹੈ।

ਗ੍ਰਨੇਡ ਲੈਣ ਆਏ, ਵਾਰਦਾਤ ਦਾ ਸੀ ਇਰਾਦਾ
ਅੱਤਵਾਦੀਆਂ ਨਾਲ ਮੁਕਾਬਲੇ ਦੇ ਸੰਬੰਧ ਵਿੱਚ, ਪੁਲਸ ਕਮਿਸ਼ਨਰ ਨੇ ਕਿਹਾ, "ਇੱਕ ਪਾਕਿਸਤਾਨ-ਅਧਾਰਤ ਹੈਂਡਲਰ ਨੇ ਉਨ੍ਹਾਂ ਨੂੰ ਇੱਕ ਖਾਸ ਜਗ੍ਹਾ 'ਤੇ ਗ੍ਰਨੇਡ ਲੱਭਣ ਦਾ ਕੰਮ ਦਿੱਤਾ ਸੀ। ਗ੍ਰਨੇਡਾਂ ਦਾ ਆਦਾਨ-ਪ੍ਰਦਾਨ ਉੱਥੇ ਹੋਣਾ ਸੀ। ਉਹ ਗ੍ਰਨੇਡ ਇਕੱਠੇ ਕਰਨ ਆਏ ਸਨ। ਫਿਰ ਉਨ੍ਹਾਂ ਨੂੰ ਇਹ ਗ੍ਰਨੇਡ ਇੱਕ ਨਿਰਧਾਰਤ ਜਗ੍ਹਾ 'ਤੇ ਸੁੱਟ ਕੇ ਹਮਲਾ ਕਰਨਾ ਸੀ, ਜਿਸ ਨਾਲ ਜਾਨੀ ਨੁਕਸਾਨ ਤੇ ਦਹਿਸ਼ਤ ਫੈਲਾਈ ਜਾ ਸਕੇ।
ਪੁਲਸ ਕਮਿਸ਼ਨਰ ਨੇ ਕਿਹਾ, "ਸੂਚਨਾ ਮਿਲਣ 'ਤੇ, ਪੁਲਸ ਨੇ ਇੱਕ ਜਾਲ ਵਿਛਾਇਆ ਸੀ। ਉਹ ਬਸਤੀ ਜੋਧੇਵਾਲ ਤੋਂ ਇੱਕ ਬਾਈਕ 'ਤੇ ਆ ਰਹੇ ਸਨ। ਜਦੋਂ ਉਨ੍ਹਾਂ ਨੂੰ ਘੇਰ ਲਿਆ ਗਿਆ, ਤਾਂ ਉਨ੍ਹਾਂ ਨੇ ਪੁਲਸ ਪਾਰਟੀ 'ਤੇ ਗੋਲੀਬਾਰੀ ਕੀਤੀ। ਉਨ੍ਹਾਂ ਨੇ ਡੀਸੀਪੀ (ਜਾਂਚ) ਅਤੇ ਉਨ੍ਹਾਂ ਦੀ ਟੀਮ ਦੀ ਗੱਡੀ 'ਤੇ ਚਾਰ ਗੋਲੀਆਂ ਚਲਾਈਆਂ। ਇਸ ਤੋਂ ਇਲਾਵਾ, ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਹਵਾਈ ਫਾਇਰ ਕਰ ਕੇ ਚਿਤਾਵਨੀ ਦਿੱਤੀ।

ਪੁਲਸ ਨੇ 4 ਗੋਲੀਆਂ ਚਲਾਈਆਂ
ਪੁਲਸ ਕਮਿਸ਼ਨਰ ਨੇ ਕਿਹਾ - ਪੁਲਸ ਵੱਲੋਂ ਹਵਾਈ ਫਾਇਰਿੰਗ ਦੀ ਚੇਤਾਵਨੀ ਦੇ ਬਾਵਜੂਦ, ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਜਾਰੀ ਰੱਖੀ। ਇਸ ਤੋਂ ਬਾਅਦ, ਪੁਲਸ ਨੇ ਉਨ੍ਹਾਂ 'ਤੇ 4 ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ 3 ਗੋਲੀਆਂ ਇੱਕ ਅੱਤਵਾਦੀ ਨੂੰ ਲੱਗੀਆਂ ਅਤੇ 1 ਗੋਲੀ ਦੂਜੇ ਅੱਤਵਾਦੀ ਨੂੰ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਅਜੇ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।
