ਪੰਜਾਬ ''ਚ ਵੱਡੇ ਅੱਤਵਾਦੀ ਹਮਲੇ ਦੀ ਸੀ ਸਾਜ਼ਿਸ਼! ਲਾਡੋਵਾਲ ਐਨਕਾਊਂਟਰ ਮਗਰੋਂ ਪੁਲਸ ਦੇ ਸਨਸਨੀਖੇਜ਼ ਖ਼ੁਲਾਸੇ

Friday, Nov 21, 2025 - 02:03 PM (IST)

ਪੰਜਾਬ ''ਚ ਵੱਡੇ ਅੱਤਵਾਦੀ ਹਮਲੇ ਦੀ ਸੀ ਸਾਜ਼ਿਸ਼! ਲਾਡੋਵਾਲ ਐਨਕਾਊਂਟਰ ਮਗਰੋਂ ਪੁਲਸ ਦੇ ਸਨਸਨੀਖੇਜ਼ ਖ਼ੁਲਾਸੇ

ਲੁਧਿਆਣਾ (ਰਾਜ): ਬੀਤੀ ਸ਼ਾਮ ਲਾਡੋਵਾਲ ਖੇਤਰ 'ਚ ਮੁਕਾਬਲੇ ਤੋਂ ਬਾਅਦ ਪਾਕਿਸਤਾਨ-ISI ਸਮਰਥਿਤ ਬਹੁ-ਰਾਜੀ ਗੈਂਗਸਟਰ-ਅੱਤਵਾਦੀ ਮੋਡੀਊਲ ਦਾ ਲੱਕ ਤੋੜਣ ਤੋਂ ਬਾਅਦ, ਲੁਧਿਆਣਾ ਕਮਿਸ਼ਨਰੇਟ ਪੁਲਸ ਨੇ ਅੱਜ ਖ਼ੁਲਾਸਾ ਕੀਤਾ ਹੈ ਕਿ ਐਨਕਾਊਂਟਰ ਦੌਰਾਨ ਜ਼ਖ਼ਮੀ ਹੋਏ ਦੋਵੇਂ ਦੋਸ਼ੀ ਪਾਕਿਸਤਾਨ-ਅਧਾਰਤ ਹੈਂਡਲਰ ਜਸਵੀਰ ਉਰਫ਼ ਚੌਧਰੀ ਵੱਲੋਂ ਗ੍ਰਨੇਡ ਹਮਲਾ ਕਰਨ ਲਈ ਭੇਜੇ ਗਏ ਓਪਰੇਟਿਵ ਹਨ। ਇਹ ਮੋਡੀਊਲ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਲੁਧਿਆਣਾ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜ਼ਖ਼ਮੀ ਦੋਸ਼ੀ ਦੀਪਕ ਉਰਫ਼ ਦੀਪੂ ਅਤੇ ਰਾਮ ਲਾਲ ਰਾਜਸਥਾਨ ਤੋਂ ਲੁਧਿਆਣਾ ਆਏ ਸਨ ਅਤੇ ਪਿਛਲੇ ਦੋ ਦਿਨ ਤੋਂ ਇੱਥੇ ਰਹਿ ਕੇ ਹਮਲੇ ਦੀ ਯੋਜਨਾ ਬਣਾਉਂਦੇ ਰਹੇ। ਉਨ੍ਹਾਂ ਨੇ ਕਿਹਾ ਕਿ ਇਹ ਇਕ ਨਵਾਂ ਤੇ ਖ਼ਤਰਨਾਕ ਰੁਝਾਨ ਹੈ, ਜਿਸ ਵਿਚ ਪਾਕ-ਅਧਾਰਤ ਹੈਂਡਲਰ ਹੋਰ ਰਾਜਾਂ ਦੇ ਅਪਰਾਧੀਆਂ ਨੂੰ ਪੰਜਾਬ ਵਿਚ ਅੱਤਵਾਦੀ ਗਤੀਵਿਧੀਆਂ ਲਈ ਵਰਤ ਰਹੇ ਹਨ ਤਾਂ ਜੋ ਉਹ ਪਛਾਣ ਤੋਂ ਬਚ ਸਕਣ।

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਇਕੱਲੇ ਘੁੰਮਦੇ 'ਸ਼ਰਾਬੀਆਂ' ਨੂੰ ਘੇਰਦੀ ਹੈ ਇਹ ਔਰਤ ਤੇ ਫ਼ਿਰ...

ਇਸ ਤੋਂ ਪਹਿਲਾਂ ਲੁਧਿਆਣਾ ਕਮਿਸ਼ਨਰੇਟ ਪੁਲਸ ਨੇ ਕਾਊਂਟਰ ਇੰਟੈਲੀਜੈਂਸ ਯੂਨਿਟ ਨਾਲ ਮਿਲ ਕੇ ਤਿੰਨ ਦੋਸ਼ੀਆਂ— ਫਿਰੋਜ਼ਪੁਰ ਦੇ ਸ਼ਮਸ਼ੇਰ ਸਿੰਘ, ਹਰਿਆਣਾ ਦੇ ਅਜੇ ਅਤੇ ਬਿਹਾਰ ਦੇ ਹਰਸ਼ ਕੁਮਾਰ ਓਝਾ— ਨੂੰ ਗ੍ਰਿਫ਼ਤਾਰ ਕਰਕੇ ਮੋਡੀਊਲ ਦਾ ਪਰਦਾਫਾਸ਼ ਕੀਤਾ ਸੀ। ਪੁਲਸ ਨੇ ਪੰਜ ਗ੍ਰਿਫ਼ਤਾਰ ਦੋਸ਼ੀਆਂ ਤੋਂ ਦੋ 86P ਚੀਨੀ ਹੈਂਡ ਗ੍ਰਨੇਡ, ਪੰਜ .30 ਬੋਰ ਦੇ ਪਿਸਤੌਲ ਅਤੇ ਲਗਭਗ 40+ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਇਨ੍ਹਾਂ ਨੇ ਸਰਕਾਰੀ ਇਮਾਰਤਾਂ ਅਤੇ ਸੰਵੇਦਨਸ਼ੀਲ ਥਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਗ੍ਰਨੇਡ ਵਰਤਣ ਦੀ ਯੋਜਨਾ ਬਣਾਈ ਹੋਈ ਸੀ। ਹਾਲ ਹੀ ਵਿਚ ਲੁਧਿਆਣਾ ਪੁਲਸ ਨੇ ਪਾਕ-ISI ਬੈਕਡ ਇਕ ਹੋਰ ਗ੍ਰਨੇਡ ਮੋਡੀਊਲ ਵੀ ਬਰਬਾਦ ਕੀਤਾ ਸੀ, ਜਿਸ ਵਿਚ 10 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਸਨ ਅਤੇ ਇਕ 86P ਚੀਨੀ ਗ੍ਰਨੇਡ, ਇਕ ਕਾਲਾ ਕਿਟ ਅਤੇ ਦਸਤਾਨਿਆਂ ਦਾ ਸੈੱਟ ਬਰਾਮਦ ਕੀਤਾ ਗਿਆ ਸੀ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਗ੍ਰਿਫ਼ਤਾਰ ਹੋਏ ਸ਼ਮਸ਼ੇਰ ਸਿੰਘ ਦੀ ਨਿਸ਼ਾਨਦੇਹੀ 'ਤੇ ਬਿਹਾਰ ਦੇ ਰਹਿਣ ਵਾਲੇ ਹਰਸ਼ ਓਝਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਵਿਚ ਪਤਾ ਲੱਗਾ ਕਿ ਓਝਾ ਗ੍ਰਨੇਡ ਸੁੱਟਣ ਵਿਚ ਨਿਪੁੰਨ ਹੈ ਅਤੇ ਉਸ ਨੂੰ ਵੀ ਪੰਜਾਬ ਵਿਚ ਹਮਲਾ ਕਰਨ ਲਈ ਕਿਹਾ ਗਿਆ ਸੀ। ਉਹ ਹਾਲ ਹੀ ਵਿਚ ਬਿਹਾਰ ਵਿਚ ਵੀ ਵਿਦੇਸ਼ੀ ਹੈਂਡਲਰ ਦੇ ਕਹਿਣ 'ਤੇ ਫਾਇਰਿੰਗ ਦੀ ਘਟਨਾ ਵਿਚ ਸ਼ਾਮਲ ਸੀ। ਸ਼ਮਸ਼ੇਰ ਦੀ ਹੀ ਨਿਸ਼ਾਨਦੇਹੀ 'ਤੇ ਹਰਿਆਣਾ ਤੋਂ ਅਜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੇ ਕਬਜ਼ੇ 'ਚੋਂ ਦੋ ਪਿਸਤੌਲ ਬਰਾਮਦ ਕੀਤੀਆਂ। ਅਜੇ ਦਾ ਸਬੰਧ ਪਵਨ ਨਾਲ ਹੈ— ਜੋ ਲਾਰੈਂਸ ਬਿਸ਼ਨੋਈ ਗੈਂਗ ਦੇ ਹਰਪਾਲ ਸਿੰਘ ਉਰਫ਼ ਹੈਰੀ ਦਾ ਭਰਾ ਹੈ ਅਤੇ ਜਿਸ ਨੇ ਮੁੰਬਈ 'ਚ ਅਦਾਕਾਰ ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਕੀਤੀ ਸੀ। ਮਾਮਲੇ ਦੀ ਜਾਂਚ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵਿਹਲੇ ਬੈਠਣ ਦਾ ਮੁਕਾਬਲਾ! ਕੁਝ ਨਾ ਕਰਨ 'ਤੇ ਮਿਲਣਗੇ Cash Prize, ਜਾਣੋ ਕੀ ਨੇ ਸ਼ਰਤਾਂ 

ਇਸ ਸਬੰਧ ਵਿਚ FIR ਨੰਬਰ 199 (17.11.2025) ਧਾਰਾ 3, 4, 5 ਐਕਸਪਲੋਸਿਵ ਐਕਟ, ਧਾਰਾ 25 ਆਰਮਜ਼ ਐਕਟ, ਅਤੇ ਧਾਰਾ 113 ਭਾਰਤੀ ਨਿਆਂ ਸੰਹਿਤਾ (BNS) ਅਧੀਨ ਥਾਣਾ ਜੋਧੇਵਾਲ 'ਚ ਦਰਜ ਕੀਤੀ ਗਈ ਹੈ। ਦੂਜੀ FIR ਨੰਬਰ 114 (20.11.2025) ਧਾਰਾ 109, 132, 324(4), 3(5) BNS ਤੇ ਧਾਰਾ 25 ਆਰਮਜ਼ ਐਕਟ ਅਧੀਨ ਥਾਣਾ ਲਾਡੋਵਾਲ 'ਚ ਦਰਜ ਕੀਤੀ ਗਈ ਹੈ।

 


author

Anmol Tagra

Content Editor

Related News