ਪਿੰਡ ਕਲੇਰ ਘੁਮਾਣ ਦੇ ਡਰਾਈਵਰ ਦੀ ਭੇਤਭਰੇ ਹਾਲਾਤ ''ਚ ਮੌਤ
Monday, Feb 19, 2018 - 06:44 AM (IST)

ਰਈਆ, ਹਰਜੀਪ੍ਰੀਤ, ਦਿਨੇਸ਼)- ਨਜ਼ਦੀਕੀ ਪਿੰਡ ਕਲੇਰ ਘੁਮਾਣ ਦੇ ਡਰਾਈਵਰ ਸਰਵਣ ਸਿੰਘ ਉਰਫ ਕਾਲੀ ਪੁੱਤਰ ਜਗੀਰ ਸਿੰਘ ਫੌਜੀ ਦੀ ਭੇਤਭਰੇ ਹਾਲਾਤ 'ਚ ਜਲੰਧਰ ਵਿਖੇ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 12 ਫਰਵਰੀ ਨੂੰ ਸ਼ਾਮ 4 ਵਜੇ ਦੇ ਕਰੀਬ ਸਰਵਣ ਪਿੰਡ ਕਲੇਰ ਘੁਮਾਣ ਤੋਂ ਆਪਣੀ ਟੈਂਕੀ ਵਾਲੀ ਗੱਡੀ ਲੈ ਕੇ ਜਲੰਧਰ ਦੇ ਆਇਲ ਕਾਰਪੋਰੇਸ਼ਨ ਦੇ ਡਿਪੂ ਲਈ ਰਵਾਨਾ ਹੋਇਆ। ਰਾਤ 8 ਵਜੇ ਦੇ ਕਰੀਬ ਉਹ ਆਪਣੇ ਹੈਲਪਰਾਂ ਨੂੰ ਰੋਟੀ ਖਾਣ ਲਈ 100 ਰੁਪਏ ਦੇ ਕੇ ਗੱਡੀ ਬੰਦ ਕਰ ਕੇ ਕਿਧਰੇ ਚਲਾ ਗਿਆ, ਜਦੋਂ ਹੈਲਪਰ ਰੋਟੀ ਖਾ ਕੇ ਆਏ ਤਾਂ ਗੱਡੀ ਲਾਕ ਸੀ ਅਤੇ ਸਰਵਣ ਸਿੰਘ ਉਥੇ ਮੌਜੂਦ ਨਹੀਂ ਸੀ। ਰਾਤ 9:15 ਵਜੇ ਦੇ ਕਰੀਬ ਪੁਲਸ ਦੀ ਮੋਬਾਇਲ ਵੈਨ ਦੇ ਮੁਲਾਜ਼ਮਾਂ ਨੂੰ ਸਰਵਣ ਸ਼ੱਕੀ ਹਾਲਾਤ 'ਚ ਉਥੇ ਸੜਕ ਕਿਨਾਰਿਓਂ ਮਿਲਿਆ, ਜਿਸ ਦੇ ਨੱਕ 'ਚੋਂ ਖੂਨ ਵਗ ਰਿਹਾ ਸੀ ਅਤੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਨ।
ਪੁਲਸ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਜਲੰਧਰ ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ ਪਰ ਇਲਾਜ ਦੌਰਾਨ 13 ਫਰਵਰੀ ਨੂੰ ਸਵੇਰੇ ਸਵਾ 8 ਵਜੇ ਦੇ ਕਰੀਬ ਉਹ ਦਮ ਤੋੜ ਗਿਆ। ਪੁਲਸ ਥਾਣਾ ਰਾਮਾ ਮੰਡੀ ਜਲੰਧਰ ਨੇ 174 ਦੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ, ਜਿਸ ਦਾ ਪਿੰਡ ਕਲੇਰ ਘੁਮਾਣ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲਾ ਅੰਮ੍ਰਿਤਸਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਰਵਣ ਸਿੰਘ ਕਾਲੀ ਦੀ ਮੌਤ ਇਕ ਬੁਝਾਰਤ ਬਣੀ ਹੋਈ ਹੈ ਅਤੇ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਮਾਪਿਆਂ ਨੇ ਇਸ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।