ਪੰਜਾਬ ਪੁਲਸ ਦੇ ਮੁਲਾਜ਼ਮ ਦੀ ਸ਼ੱਕੀ ਹਾਲਾਤ 'ਚ ਮੌਤ, ਪੁਲਸ ਲਾਈਨਾਂ 'ਚ...
Monday, Dec 22, 2025 - 02:13 PM (IST)
ਲੁਧਿਆਣਾ (ਰਾਜ): ਪੁਲਸ ਲਾਈਨਾਂ ’ਚ ਰਹਿਣ ਵਾਲੇ ਪੁਲਸ ਮੁਲਾਜ਼ਮ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਸ਼ਨੀਵਾਰ ਨੂੰ ਡਿਊਟੀ ਤੋਂ ਵਾਪਸ ਆਉਣ ਤੋਂ ਬਾਅਦ ਉਹ ਘਰ ਆ ਕੇ ਸੌਂ ਗਿਆ ਤਾਂ ਐਤਵਾਰ ਸਵੇਰੇ ਨੀਂਦ ਤੋਂ ਨਹੀਂ ਉੱਠਿਆ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ, ਜੋ ਪੁਲਸ ਲਾਈਨ ’ਚ ਬਣੇ ਕੁਆਰਟਰਾਂ ’ਚ ਰਹਿੰਦਾ ਸੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਰਣਜੀਤ ਸਿੰਘ ਲਗਭਗ 6 ਸਾਲ ਪਹਿਲਾਂ ਪੰਜਾਬ ਪੁਲਸ ’ਚ ਭਰਤੀ ਹੋਇਆ ਸੀ। ਉਹ ਪੁਲਸ ਲਾਈਨ ’ਚ ਹੀ ਪਰਿਵਾਰ ਸਮੇਤ ਰਹਿੰਦਾ ਸੀ। ਇਸ ਸਮੇਂ ਉਹ ਸਾਬਕਾ ਆਈ. ਜੀ. ਨਾਲ ਬਤੌਰ ਗੰਨਮੈਨ ਡਿਊਟੀ ਕਰ ਰਿਹਾ ਸੀ। ਸ਼ਨੀਵਾਰ ਦੀ ਰਾਤ ਨੂੰ ਉਹ ਆਪਣੀ ਡਿਊਟੀ ਤੋਂ ਆਇਆ ਅਤੇ ਪਰਿਵਾਰ ਨਾਲ ਖਾਣਾ-ਖਾਣ ਤੋਂ ਬਾਅਦ ਸੌਂ ਗਿਆ।
ਜਦੋਂ ਸਵੇਰੇ ਉਸ ਦੀ ਪਤਨੀ ਪ੍ਰਭਜੋਤ ਕੌਰ ਨੇ ਉਠਾਇਆ ਤਾਂ ਉਹ ਨਹੀਂ ਉੱਠਿਆ। ਵਾਰ-ਵਾਰ ਆਵਾਜ਼ ਦੇਣ ਦੇ ਬਾਵਜੂਦ ਵੀ ਉਹ ਨੀਂਦ ਤੋਂ ਨਹੀਂ ਉੱਠਿਆ ਤਾਂ ਉਸ ਨੇ ਰੌਲਾ ਪਾ ਕੇ ਆਲੇ-ਦੁਆਲੇ ਦੇ ਸਾਥੀਆਂ ਨੂੰ ਬੁਲਾਇਆ। ਜਦੋਂ ਉਸ ਨੂੰ ਚੈੱਕ ਕੀਤਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ, ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਜਾਂਚ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
