ਚਿੱਟੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ

Saturday, Jul 28, 2018 - 05:53 AM (IST)

ਚਿੱਟੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ

ਮਾਨਸਾ(ਸੰਦੀਪ ਮਿੱਤਲ)-ਪੰਜਾਬ ਦੀ ਜਵਾਨੀ ਨੂੰ ਦਿਨ-ਬ-ਦਿਨ ਖਾ ਰਹੇ ਚਿੱਟੇ ਨੇ ਅੱਜ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਸਥਾਨਕ ਵਾਰਡ ਨੰ. 2 ਦੇ ਵਸਨੀਕ ਅਗਰਵਾਲ ਗਰੀਬ ਪਰਿਵਾਰ ਦੇ 27 ਸਾਲਾ ਨੌਜਵਾਨ ਸੁਨੀਲ ਕੁਮਾਰ ਸੋਨੂੰ ਨੂੰ ਨਸ਼ੇ ਦੀ ਅਜਿਹੀ ਲਤ ਲੱਗੀ ਕਿ ਪਰਿਵਾਰ ਵੱਲੋਂ ਨਸ਼ਾ ਛੁਡਾਉਣ ਲਈ ਜਗ੍ਹਾ-ਜਗ੍ਹਾ ਇਲਾਜ ਕਰਵਾ ਕੇ 5 ਲੱਖ ਰੁਪਏ ਵੀ ਖਰਚ ਦਿੱਤੇ ਗਏ ਪਰ ਉਹ ਆਪਣੇ ਲਾਡਲੇ ਨੂੰ ਚਿੱਟੇ ਦੇ ਮੂੰਹ 'ਚੋਂ ਕੱਢ ਨਹੀਂ ਸਕੇ ਅਤੇ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਸੁਨੀਲ ਕੁਮਾਰ ਸੋਨੂੰ ਜੋ ਕਿ ਸਵਾ ਮਹੀਨੇ ਦੇ ਬੇਟੇ ਦਾ ਪਿਤਾ ਸੀ, ਪਿਛਲੇ ਕਈ ਮਹੀਨਿਆ ਤੋਂ ਚਿੱਟੇ ਦੇ ਟੀਕੇ ਲਾਉਣ ਦਾ ਆਦੀ ਸੀ, ਪਰਿਵਾਰ ਨੂੰ ਪਤਾ ਲੱਗਣ 'ਤੇ ਉਨ੍ਹਾਂ ਉਸ ਦਾ ਨਸ਼ਾ ਛੁਡਾਉਣ ਲਈ ਮਾਨਸਾ, ਬਠਿੰਡਾ, ਫਰੀਦਕੋਟ ਤੋਂ ਇਲਾਜ ਕਰਵਾਇਆ ਪਰ ਉਹ ਉਸ ਨੂੰ ਬਚਾਅ ਨਹੀਂ ਸਕੇ। ਸੋਨੂੰ ਦੀ ਮਾਤਾ ਨੀਲਮ ਰਾਣੀ ਤੇ ਪਤਨੀ ਅਮਨ, ਭਰਾ ਹੈਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਣ 'ਤੇ ਉਨ੍ਹਾਂ ਸੋਨੂੰ ਨੂੰ ਕਰੀਬ 2 ਹਫਤੇ ਸਿਵਲ ਹਸਪਤਾਲ ਮਾਨਸਾ, 2 ਹਫਤੇ ਮੈਡੀਕਲ ਕਾਲਜ ਫਰੀਦਕੋਟ ਅਤੇ 12 ਦਿਨ ਇਕ ਪ੍ਰਾਈਵੇਟ ਹਸਪਤਾਲ ਬਠਿੰਡਾ ਵਿਖੇ ਦਾਖਲ ਰੱਖਿਆ ਪਰ ਫਿਰ ਵੀ ਉਹ ਸੋਨੂੰ ਨੂੰ ਬਚਾਅ ਨਹੀਂ ਸਕੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਸ ਦੇ ਨਸ਼ਾ ਸੇਵਨ ਕਰਨ ਬਾਰੇ 2 ਮਹੀਨੇ ਪਹਿਲਾਂ ਹੀ ਪਤਾ ਲੱਗਾ ਸੀ। ਉਨ੍ਹਾਂ ਦੱਸਿਆ ਕਿ ਸੋਨੂੰ ਚਿੱਟੇ ਦੇ ਟੀਕੇ ਲਾਉਂਦਾ ਸੀ, ਜਿਸ ਕਾਰਨ ਉਸ ਦੀ ਲੱਤ 'ਚ ਜ਼ਖਮ ਹੋ ਗਿਆ ਸੀ ਅਤੇ ਨਸ਼ਾ ਨਾ ਛੱਡਣ ਕਾਰਨ ਲੱਤ 'ਚ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ। ਮ੍ਰਿਤਕ ਸੋਨੂੰ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਸੋਨੂੰ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।


Related News