ਇਰਾਕ 'ਚ ਮਾਰੇ ਗਏ ਦਵਿੰਦਰ ਨੂੰ ਦਿੱਤੀ ਗਈ ਅੰਤਿਮ ਵਿਦਾਈ, ਗਮਗੀਨ ਹੋਇਆ ਮਾਹੌਲ

Wednesday, Apr 04, 2018 - 11:37 AM (IST)

ਗੋਰਾਇਆ(ਮੁਨੀਸ਼)— ਇਰਾਕ ਦੇ ਮੌਸੂਲ 'ਚ ਕਤਲ ਕਰ ਦਿੱਤੇ ਗਏ ਗੋਰਾਇਆ ਦੇ ਪਿੰਡ ਚੱਕਦੇਸਰਾਜ ਦੇ ਰਹਿਣ ਵਾਲੇ ਦਵਿੰਦਰ ਸਿੰਘ ਦਾ ਮੰਗਲਵਾਰ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿਖੇ ਕਰ ਦਿੱਤਾ ਗਿਆ। ਅੰਤਿਮ ਵਿਦਾਈ ਮੌਕੇ ਗਮਗੀਨ ਹੋਇਆ ਮਾਹੌਲ ਦੇਖ ਹਰ ਕਿਸੇ ਦੀਆਂ ਅੱਖਾਂ ਨਮ ਨਜ਼ਰ ਆਈਆਂ। ਮਿਲੀ ਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਦੀਆਂ ਅਸਥੀਆਂ ਪਹਿਲਾਂ ਸਹੁਰੇ ਪਰਿਵਾਰ ਰੂੜਕਾ ਕਲਾਂ ਵਿਖੇ ਲਿਆਂਦੀਆਂ ਗਈਆਂ ਅਤੇ ਬਾਅਦ ਉਸ ਦੇ ਤਾਬੂਤ ਨੂੰ ਪਿੰਡ ਚੱਕਦੇਸਰਾਜ ਵਿਖੇ ਲਿਜਾ ਕੇ ਉਸ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੰਦੇ ਹੋਏ ਉਸ ਦਾ ਸਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਜਿਵੇਂ ਹੀ ਦਵਿੰਦਰ ਦੇ ਪਰਿਵਾਰ ਨੂੰ ਉਸ ਦਾ ਤਾਬੂਤ ਦਿੱਤਾ ਗਿਆ ਤਾਂ ਤਾਬੂਤ ਨੂੰ ਦੇਖ ਪਰਿਵਾਰਕ ਮੈਂਬਰ ਬੇਸੁੱਧ ਖੋਹ ਬੈਠੇ। ਪੂਰੇ ਪਰਿਵਾਰ 'ਚ ਚੀਕ-ਚਿਹਾੜਾ ਪੈ ਗਿਆ। 
PunjabKesari

ਪਿੰਡ 'ਚ ਪ੍ਰਸ਼ਾਸਨਿਕ ਅਧਿਕਾਰੀ ਬੀ. ਡੀ. ਪੀ. ਓ. ਰੁੜਕਾ ਕਲਾਂ ਖੁਸ਼ਵਿੰਦਰ ਕੁਮਾਰ ਪੁਰੀ, ਐੱਸ. ਡੀ. ਐੱਮ. ਫਿਲੌਰ ਵਰਿੰਦਰਪਾਲ ਸਿੰਘ ਬਾਜਵਾ, ਡੀ. ਐੱਸ. ਪੀ. ਫਿਲੌਰ ਅਮਰੀਕ ਸਿੰਘ ਚਾਹਲ, ਨਾਇਬ ਤਹਿਸੀਲਦਾਰ ਗੁਰਾਇਆ ਸੁਰਿੰਦਰਪਾਲ ਸਿੰਘ ਪੰਨੂ, ਐੱਸ. ਐੱਚ. ਓ. ਪਰਮਿੰਦਰ ਸਿੰਘ, ਚੌਕੀ ਇੰਚਾਰਜ ਰੁੜਕਾ ਕਲਾਂ ਬਖਸ਼ੀਸ਼ ਸਿੰਘ ਤੋਂ ਇਲਾਵਾ ਅਕਾਲੀ ਨੇਤਾ ਕੁਲਵਿੰਦਰ ਸਿੰਘ ਕਾਲਾ, ਕੁਲਵੰਤ ਸਿੰਘ ਸੰਧੂ, ਡਾ. ਲੇਖਰਾਜ ਲਵਲੀ, ਸ਼ਿਵ ਤਿਵਾੜੀ, ਗੁਰਮੰਗਲ ਦਾਸ ਸੋਨੀ, ਰਾਜੀਵ ਰਤਨ ਟੋਨੀ, ਅਮਰਜੀਤ ਦਾਰੀ ਮੌਕੇ 'ਤੇ ਮੌਜੂਦ ਸਨ। ਐੱਸ. ਡੀ. ਐੱਮ. ਫਿਲੌਰ ਵਰਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਮ੍ਰਿਤਕ ਦਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਕਿਹਾ ਸੀ ਕਿ ਪਹਿਲਾਂ ਉਸ ਦੇ ਪਤੀ ਦੀਆਂ ਅਸਥੀਆਂ ਨੂੰ ਉਸ ਦੇ ਪੇਕੇ ਪਰਿਵਾਰ ਰੁੜਕਾ ਕਲਾਂ 'ਚ ਲਿਆਂਦਾ ਜਾਵੇ, ਜਿੱਥੇ ਮਨਜੀਤ ਕੌਰ ਆਪਣੇ ਤਿੰਨਾਂ ਪੁੱਤਰਾਂ ਬਲਰਾਜ (15), ਗਗਨਦੀਪ (9) ਅਤੇ ਰਮਨਦੀਪ (9) ਨਾਲ ਰਹਿੰਦੀ ਹੈ। ਉਨ੍ਹਾਂ ਦੀ ਮੰਗ ਨੂੰ ਪੂਰਾ ਕੀਤਾ ਗਿਆ। ਜਿਵੇਂ ਹੀ ਤਾਬੂਤ ਨੂੰ ਪਿੰਡ 'ਚ ਲਿਆਂਦਾ ਗਿਆ ਤਾਂ ਸਾਰਾ ਪਿੰਡ ਗਮਗੀਨ ਹੋ ਗਿਆ ਅਤੇ ਸਾਰਿਆਂ ਦੀ ਅੱਖਾਂ ਨਮ ਹੋ ਗਈਆਂ। ਮ੍ਰਿਤਕ ਦਵਿੰਦਰ ਦੀ ਪਤਨੀ ਮਨਜੀਤ ਕੌਰ ਅਤੇ ਉਸ ਦੇ ਪੁੱਤਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਮਨਜੀਤ ਕੌਰ ਦੀ ਬਜ਼ੁਰਗ ਬੀਮਾਰ ਮਾਂ ਅਤੇ ਦਵਿੰਦਰ ਦੀ ਸੱਸ ਵੱਲੋਂ ਰੋਂਦੇ-ਬਿਲਖਦੇ ਹੋਏ ਆਪਣੇ ਜਵਾਈ ਨੂੰ ਫੁੱਲਾਂ ਦਾ ਹਾਰ ਤਾਬੂਤ 'ਤੇ ਪਾ ਕੇ ਅੰਤਿਮ ਵਿਦਾਈ ਦਿੱਤੀ ਗਈ, ਜਿਸ ਤੋਂ ਬਾਅਦ ਅਸਥੀਆਂ ਨੂੰ ਉਸ ਦੇ ਜੱਦੀ ਪਿੰਡ ਚੱਕਦੇਸਰਾਜ ਲਿਜਾਇਆ ਗਿਆ। 
ਜਿਵੇਂ ਹੀ ਤਾਬੂਤ ਨੂੰ ਦਵਿੰਦਰ ਦੇ ਘਰ ਲਿਜਾਇਆ ਗਿਆ ਤਾਂ ਦਵਿੰਦਰ ਦੀਆਂ ਭੈਣਾਂ ਤਾਬੂਤ 'ਤੇ ਲੇਟ ਗਈਆਂ ਅਤੇ ਤਾਬੂਤ ਨੂੰ ਖੋਲ੍ਹਣ ਦੀ ਪ੍ਰਸ਼ਾਸਨ ਤੋਂ ਮੰਗ ਕਰਨ ਲੱਗੀਆਂ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਿੰਡ ਦੇ ਕੁਝ ਪਤਵੰਤੇ ਸੱਜਣਾਂ ਵੱਲੋਂ ਕਾਫੀ ਸਮਝਾਉਣ ਦੇ ਬਾਅਦ ਸਾਰੀਆਂ ਰਸਮਾਂ ਕਰਨ ਤੋਂ ਬਾਅਦ ਸ਼ਮਸ਼ਾਨਘਾਟ ਵਿਖੇ ਦਵਿੰਦਰ ਸਿੰਘ ਦੀਆਂ ਅਸਥੀਆਂ ਨੂੰ ਅਗਨੀ ਵੱਡੇ ਪੁੱਤਰ ਬਲਰਾਜ ਨੇ ਦਿੱਤੀ।
ਦੋਵੇਂ ਭਰਾ ਆਪਣੀਆਂ ਚਾਰ ਭੈਣਾਂ ਨੂੰ ਦੇ ਗਏ ਵਿਛੋੜਾ
ਮੌਸੂਲ 'ਚ ਮਾਰੇ ਗਏ ਦਵਿੰਦਰ ਸਿੰਘ ਕੁਲ 6 ਭੈਣ-ਭਰਾ ਹਨ, ਜਿਨ੍ਹਾਂ 'ਚ ਹਰਜਿੰਦਰ ਸਿੰਘ ਸਭ ਤੋਂ ਵੱਡਾ ਭਰਾ ਸੀ, ਜਿਸ ਦੀ ਕਰੀਬ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ। ਦਵਿੰਦਰ ਦੀਆਂ ਭੈਣਾਂ ਜਿਨ੍ਹਾਂ 'ਚ ਗੁਰਪਾਲ ਕੌਰ, ਸੁਰਿੰਦਰ ਕੌਰ, ਆਸ਼ੀ, ਰਾਜਵੰਤ ਕੌਰ ਹਨ, ਨੇ ਦੱਸਿਆ ਕਿ ਦਵਿੰਦਰ ਤਿੰਨਾਂ ਭੈਣਾਂ ਤੋਂ ਛੋਟਾ ਸੀ, ਉਨ੍ਹਾਂ ਦੇ ਵੱਡੇ ਭਰਾ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਹੁਣ ਉਨ੍ਹਾਂ ਦਾ ਛੋਟਾ ਭਰਾ ਵੀ ਉਨ੍ਹਾਂ ਤੋਂ ਸਦਾ ਲਈ ਦੂਰ ਚਲਾ ਗਿਆ ਹੈ।

PunjabKesari

ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਕੀਤਾ ਪਰਿਵਾਰ ਨਾਲ ਦੁੱਖ ਸਾਂਝਾ
ਹਲਕਾ ਫਿਲੌਰ ਤੋਂ ਅਕਾਲੀ-ਭਾਜਪਾ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਦਵਿੰਦਰ ਸਿੰਘ ਦੇ ਸਸਕਾਰ ਵਿਚ ਸ਼ਾਮਲ ਹੋਏ ਅਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਐੱਮ. ਪੀ. ਚੌਧਰੀ ਸੰਤੋਖ ਸਿੰਘ ਤੇ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

PunjabKesari
ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਨਾਲ ਪਰਿਵਾਰ ਨੂੰ ਸਹਿਯੋਗ ਦਿੱਤਾ ਜਾਵੇਗਾ: ਐੱਸ. ਡੀ. ਐੱਮ. ਬਾਜਵਾ
ਐੱਸ. ਡੀ. ਐੱਮ. ਫਿਲੌਰ ਵਰਿੰਦਰਪਾਲ ਸਿੰਘ ਬਾਜਵਾ ਨੇ ਦਵਿੰਦਰ ਸਿੰਘ ਦੇ ਸਸਕਾਰ ਮੌਕੇ ਜਿੱਥੇ ਦੁੱਖ ਪ੍ਰਗਟ ਕੀਤਾ, ਉਥੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਦਸਤਾਵੇਜ਼ ਉਨ੍ਹਾਂ ਨੂੰ ਆਏ ਹਨ, ਉਹ ਸਾਰੇ ਮ੍ਰਿਤਕ ਦਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੇ ਜਾਣਗੇ ਅਤੇ ਪਰਿਵਾਰ ਨੂੰ ਸਰਕਾਰ ਵੱਲੋਂ ਪਹਿਲਾਂ ਹੀ 20,000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਮੌਕੇ ਹਰਜਿੰਦਰ ਸਿੰਘ ਲੱਲੀ, ਬੂਟਾ ਰਾਮ ਘਈ, ਕੁਲਵਿੰਦਰ ਸਿੰਘ ਕਾਲਾ, ਕੁਲਵੀਰ ਸਿੰਘ ਲੱਲੀ, ਸ਼ਿੰਦਾ ਬੀ. ਏ. ਜ਼ਿਲਾ ਪ੍ਰੀਸ਼ਦ ਮੈਂਬਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।


Related News