ਫਗਵਾੜਾ ''ਚ ਤਣਾਅਪੂਰਨ ਹੋਇਆ ਮਾਹੌਲ, ਵੱਡੀ ਗਿਣਤੀ ''ਚ ਪਹੁੰਚੀ ਪੁਲਸ ਫੋਰਸ

Tuesday, Sep 17, 2024 - 11:20 AM (IST)

ਫਗਵਾੜਾ ''ਚ ਤਣਾਅਪੂਰਨ ਹੋਇਆ ਮਾਹੌਲ, ਵੱਡੀ ਗਿਣਤੀ ''ਚ ਪਹੁੰਚੀ ਪੁਲਸ ਫੋਰਸ

ਫਗਵਾੜਾ (ਜਲੋਟਾ) : ਬੀਤੇ ਦਿਨੀਂ ਫਗਵਾੜਾ 'ਚ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੇ ਪਵਿੱਤਰ ਮੌਕੇ 'ਤੇ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਸ਼ਹਿਰ 'ਚ ਕੱਢੇ ਜਾਣ ਵਾਲੀ ਵਿਸ਼ਾਲ ਸ਼ੋਭਾਯਾਤਰਾ ਸਬੰਧੀ ਲਗਾਏ ਗਏ ਪੋਸਟਰ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਫਗਵਾੜਾ 'ਚ ਸਥਿਤੀ ਤਣਾਅਪੂਰਨ ਹੋ ਗਈ ਹੈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਸਮੂਹ ਵਾਲਮੀਕਿ ਭਾਈਚਾਰੇ ਸਮੇਤ ਧਰਮ ਪ੍ਰੇਮੀ ਲੋਕਾਂ ਵਿਚ ਭਾਰੀ ਗੁੱਸੇ ਅਤੇ ਰੋਸ ਦੀ ਲਹਿਰ ਫੈਲ ਗਈ।  ਇਸ ਘਟਨਾ ਤੋਂ ਬਾਅਦ ਵਾਲਮੀਕਿ ਭਾਈਚਾਰੇ ਦੇ ਪਤਵੰਤਿਆਂ ਨੇ ਗੁੱਸੇ ਅਤੇ ਰੋਸ 'ਚ ਸਥਾਨਕ ਸਿਨੇਮਾ ਰੋਡ 'ਤੇ ਧਰਨਾ ਲਗਾ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਸ ਅਤੇ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਅਤੇ ਲੋੜੀਂਦੀ ਪੁਲਸ ਕਾਰਵਾਈ ਕਰਨ ਦੀ ਮੰਗ ਕੀਤੀ। ਮਾਮਲੇ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ, ਐੱਸ. ਐੱਚ. ਓ. ਸਿਟੀ ਜਤਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਪੁਲਸ ਫੋਰਸ ਨੇ ਮੌਕੇ ਤੇ ਪਹੁੰਚ ਵਾਲਮੀਕਿ ਭਾਈਚਾਰੇ ਦੇ ਪਤਵੰਤਿਆਂ ਨੂੰ ਸ਼ਾਂਤ ਕੀਤਾ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇਣ ਜਾ ਰਹੀ ਨੌਕਰੀ, ਇੰਝ ਕਰੋ ਆਸਾਨੀ ਨਾਲ ਅਪਲਾਈ

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮਵੀਰ ਸੇਠੀ, ਸਤੀਸ਼ ਸਲਹੋਤਰਾ, ਅਨੂ ਸਹੋਤਾ ਅਤੇ ਵਾਲਮੀਕਿ ਭਾਈਚਾਰੇ ਦੇ ਹੋਰ ਪਤਵੰਤਿਆਂ ਨੇ ਪੁਲਸ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਇਸ ਮਾਮਲੇ ਵਿਚ ਤੁਰੰਤ ਪੁਲਸ ਕਾਰਵਾਈ ਕੀਤੀ ਜਾਵੇ ਅਤੇ ਜਿਸ ਨੇ ਵੀ ਭਗਵਾਨ ਸ੍ਰੀ ਵਾਲਮੀਕਿ ਜੀ ਮਹਾਰਾਜ ਦੇ ਪੋਸਟਰ ਦੀ ਬੇਅਦਬੀ ਕੀਤੀ ਹੈ, ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜੀਆ ਜਾਵੇ। ਵਾਲਮੀਕਿ ਭਾਈਚਾਰੇ ਦੇ ਪਤਵੰਤਿਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਉਹ ਇਸ ਘਟਨਾ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਫਗਵਾੜਾ ਪੁਲਸ ਅਤੇ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਵਿੱਖ ਵਿਚ ਅਜਿਹੀ ਘਟਨਾ ਕਿਤੇ ਮੁੜ ਤੋਂ ਨਾ ਵਾਪਰੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਕਿਤੇ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਉਸ ਲਈ ਪੁਲਸ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

ਇਹ ਵੀ ਪੜ੍ਹੋ : ਬਠਿੰਡਾ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਘਟਨਾ ਦੇਖ ਕੰਬ ਗਿਆ ਪੂਰਾ ਪਿੰਡ

ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਸਖ਼ਤ ਆਦੇਸ਼ ਜਾਰੀ

'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਉਕਤ ਘਟਨਾ ਸਬੰਧੀ ਸਿਟੀ ਪੁਲਸ ਫਗਵਾੜਾ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਸ ਮਾਮਲੇ ਵਿਚ ਫੌਰੀ ਤੌਰ 'ਤੇ ਪੁਲਸ ਐੱਫ. ਆਈ. ਆਰ ਦਰਜ ਕੀਤੀ ਜਾਵੇ ਅਤੇ ਮੁਲਜ਼ਮਾਂ ਦੀ ਸ਼ਨਾਖਤ ਕਰਕੇ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ। ਐੱਸ. ਐੱਸ. ਪੀ. ਗੁਪਤਾ ਨੇ ਕਿਹਾ ਕਿ ਫਗਵਾੜਾ ਸਮੇਤ ਪੂਰੇ ਜ਼ਿਲ੍ਹੇ ਕਪੂਰਥਲਾ ਵਿਚ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖੀ ਜਾਵੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਹ ਯਕੀਨੀ ਬਣਾਉਣ ਲਈ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਕਿ ਫਗਵਾੜਾ ਵਿਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।

ਇਹ ਵੀ ਪੜ੍ਹੋ : ਪੰਜਾਬ 'ਚ ਨੈਸ਼ਨਲ ਹਾਈਵੇਅ ਹੋਇਆ ਜਾਮ! ਸਫ਼ਰ 'ਤੇ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News