Gym ਤੋਂ ਘਰ ਆ ਰਹੇ ਨੌਜਵਾਨ ਨਾਲ ਵਾਪਰ ਗਈ ਅਣਹੋਣੀ, ਪਿਤਾ ਨੇ ਕਿਹਾ- 'ਹਾਦਸਾ ਨਹੀਂ, ਕਤਲ ਹੋਇਆ ਮੇਰਾ ਪੁੱਤ'
Tuesday, Sep 17, 2024 - 04:52 AM (IST)
ਜਲੰਧਰ (ਮਾਹੀ)- ਬੀਤੀ ਰਾਤ ਜਲੰਧਰ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰਾਤ ਕਰੀਬ 8 ਵਜੇ ਪ੍ਰਭਜੋਤ ਸਿੰਘ (20) ਪੁੱਤਰ ਪਿਆਰਦੀਪ ਸਿੰਘ ਵਾਸੀ ਰਾਏਪੁਰ ਰਸੂਲਪੁਰ ਨੂੰ ਥਾਣਾ ਮਕਸੂਦਾਂ ਅਧੀਨ ਪੈਂਦੇ ਸਰਮਸਤਪੁਰ ਨੇੜੇ ਪੈਟਰੋਲ ਪੰਪ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਅਣਪਛਾਤੇ ਵਾਹਨ ਅਤੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਮ੍ਰਿਤਕ ਦੇ ਪਿਤਾ ਪਿਆਰਦੀਪ ਸਿੰਘ ਉਰਫ਼ ਪਾਰੀ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਕਰੀਬ 18 ਮਹੀਨੇ ਪਹਿਲਾਂ ਉਸ ਦਾ ਤੇ ਉਸ ਦੇ ਸਾਥੀਆਂ ਦਾ ਦੋ ਨੌਜਵਾਨਾਂ ਨਾਲ ਤਕਰਾਰ ਹੋ ਗਿਆ ਸੀ। ਇਸ ਲੜਾਈ ਵਿਚ ਕੁਝ ਨੌਜਵਾਨ ਜ਼ਖ਼ਮੀ ਹੋ ਗਏ ਸਨ ਤੇ ਪੁਲਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
ਉਹ ਆਪਣੇ ਸਾਥੀਆਂ ਨੂੰ ਪੁਲਸ ਦੇ ਸਾਹਮਣੇ ਸਰੰਡਰ ਕਰ ਗਏ ਸਨ। ਇਸ ਲੜਾਈ ਕਾਰਨ ਉਸ ਨੂੰ ਕਰੀਬ 18 ਮਹੀਨਿਆਂ ਬਾਅਦ ਅਦਾਲਤ ਤੋਂ ਜ਼ਮਾਨਤ ਮਿਲੀ ਤੇ ਹੁਣ ਉਹ ਆਪਣੇ ਘਰ ਸ਼ਾਂਤੀ ਨਾਲ ਰਹਿ ਰਹੇ ਹਨ। ਪਿਆਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਸ ਦਾ ਲੜਕਾ ਪ੍ਰਭਜੋਤ ਸਿੰਘ ਜਿੰਮ ਤੋਂ ਘਰ ਆ ਰਿਹਾ ਸੀ ਤਾਂ ਸਰਮਸਤਪੁਰ ਦੇ ਪੈਟਰੋਲ ਪੰਪ ਨੇੜੇ ਜਦੋਂ ਉਹ ਪੁੱਜਾ ਤਾਂ ਕਿਸੇ ਡਰਾਈਵਰ ਨੇ ਉਸ ਨੂੰ ਜਾਣਬੁੱਝ ਕੇ ਗੱਡੀ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਨੌਜਵਾਨ ’ਤੇ ਰੰਜਿਸ਼ ਰੱਖਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਲੜਕੇ ਦੀ ਮੌਤ ਸੜਕ ਹਾਦਸੇ ਵਿਚ ਨਹੀਂ ਹੋਈ, ਸਗੋਂ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਰਾਹੁਲ ਗਾਂਧੀ 'ਤੇ ਵਰ੍ਹੇ ਰਵਨੀਤ ਬਿੱਟੂ, ਕਿਹਾ- 'ਵਿਦੇਸ਼ 'ਚ Asylum ਲੈਣ ਲਈ...'
ਪਿਆਰਦੀਪ ਸਿੰਘ ਉਰਫ ਪਾਰੀ ਅਤੇ ਪਰਿਵਾਰਕ ਮੈਂਬਰਾਂ ਨੇ ਪੁਲਸ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਕਾਰ ਦੇ ਡਰਾਈਵਰ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਫੜ ਕੇ ਕਾਰ ਜ਼ਬਤ ਨਾ ਕੀਤੀ ਗਈ ਤਾਂ ਉਹ ਰੋਸ ਪ੍ਰਦਰਸ਼ਨ ਕਰਨਗੇ, ਜਿਸ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਉਸ ਨੇ ਦੱਸਿਆ ਕਿ ਉਹ ਜਿਸ ਕਾਰ ਦੀ ਗੱਲ ਕਰ ਰਿਹਾ ਹੈ, ਉਹ 14 ਸਤੰਬਰ ਨੂੰ ਰਾਤ 8.30 ਵਜੇ ਦੇ ਕਰੀਬ ਕੈਮਰੇ ਵਿਚ ਕੈਦ ਹੋ ਗਈ ਸੀ ਤੇ ਉਸ ਨੇ ਇਸ ਬਾਰੇ ਪੁਲਸ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਹੈ। ਪਾਰੀ ਨੇ ਕਿਹਾ ਕਿ ਜਦੋਂ ਤੱਕ ਸਾਰਾ ਮਾਮਲਾ ਸਾਹਮਣੇ ਨਹੀਂ ਆ ਜਾਂਦਾ ਉਹ ਆਪਣੇ ਪੁੱਤਰ ਪ੍ਰਭਜੋਤ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ।
ਪੁਲਸ ਅਧਿਕਾਰੀ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰੇ ਤੇ ਮਾਮਲੇ ਤੋਂ ਜਲਦ ਪਰਦਾ ਚੁੱਕੇ : ਐੱਸ.ਐੱਸ.ਪੀ. ਖੱਖ
ਪਿਆਰਦੀਪ ਸਿੰਘ ਅਤੇ ਉਸ ਦੇ ਸਮਰਥਕਾਂ ਨੇ ਸਾਰਾ ਮਾਮਲਾ ਜਲੰਧਰ ਦਿਹਾਤ ਦੇ ਐੱਸ.ਐੱਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੂੰ ਵੀ ਸੂਚਿਤ ਕੀਤਾ ਗਿਆ, ਜਿਨ੍ਹਾਂ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਊਟੀ ’ਤੇ ਲਾ ਦਿੱਤਾ ਅਤੇ ਘਟਨਾ ਵਾਲੀ ਥਾਂ ਅਤੇ ਆਸ-ਪਾਸ ਦੇ ਪਿੰਡਾਂ ’ਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਲਦੀ ਤਲਾਸ਼ੀ ਲਈ ਜਾਵੇ ਅਤੇ ਸਾਰਾ ਮਾਮਲਾ ਬੇਨਕਾਬ ਕੀਤਾ ਜਾਵੇ। ਇਸ ਮਾਮਲੇ 'ਚ ਜੋ ਵੀ ਗਲਤ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਪੁਲਸ ਦੀਆਂ 2 ਟੀਮਾਂ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਸਕੈਨ ਕਰਨ ’ਚ ਲੱਗੀਆਂ
ਥਾਣਾ ਮਕਸੂਦਾਂ ਦੀ ਪੁਲਸ ਨੇ ਦੋ ਟੀਮਾਂ ਬਣਾ ਕੇ ਸਵੇਰ ਤੋਂ ਦੇਰ ਰਾਤ ਤੱਕ ਥਾਣਾ ਮਕਸੂਦਾਂ ਦੇ ਐੱਸ.ਐੱਚ.ਓ. ਸਮੇਤ ਘਟਨਾ ਵਾਲੀ ਥਾਂ ਅਤੇ ਆਸ-ਪਾਸ ਦੇ ਪਿੰਡਾਂ ਦਾ ਦੌਰਾ ਕੀਤਾ। ਬਿਕਰਮ ਸਿੰਘ ਦੀ ਅਗਵਾਈ ਹੇਠ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਸਕੈਨ ਕਰਨ ਵਿਚ ਰੁੱਝੇ ਰਹੇ।
ਜਲਦ ਹੀ ਮਾਮਲਾ ਸੁਲਝਾ ਲਿਆ ਜਾਵੇਗਾ : ਐੱਸ.ਐੱਚ.ਓ.
ਐੱਸ.ਐੱਚ.ਓ. ਬਿਕਰਮ ਸਿੰਘ ਨੇ ਕਿਹਾ ਕਿ ਪੁਲਸ ਪੀੜਤ ਵੱਲੋਂ ਦੱਸੀ ਕਾਰ ਦੇ ਵੇਰਵੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮ੍ਰਿਤਕ ਪ੍ਰਭਜੋਤ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਹੈ ਅਤੇ ਜਲਦ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਵਿਦਿਆਰਥੀ ਦੇਣ ਧਿਆਨ ; CBSE ਨੇ ਕੀਤਾ ਵੱਡਾ ਬਦਲਾਅ, ਹੁਣ ਹੋਈ ਗ਼ਲਤੀ ਤਾਂ ਨਹੀਂ ਹੋਵੇਗੀ ਠੀਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e