ਖਸਤਾ ਹਾਲਤ ਸੜਕਾਂ ਕਾਰਨ ਹਾਦਸਿਆਂ ''ਚ ਵਾਧਾ ਹੋ ਰਿਹੈ ਵਾਧਾ: ਮਹਿੰਦਰਪਾਲ ਮਦਾਨ

07/11/2017 2:38:41 PM

ਕਪੂਰਥਲਾ(ਗੌਰਵ)— ਪੰਜਾਬ ਦਾ ਪੈਰਿਸ ਕਹਾਉਣ ਵਾਲਾ ਕਪੂਰਥਲਾ ਸ਼ਹਿਰ ਮੌਜੂਦਾ ਸਮੇਂ 'ਚ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਹੋਇਆ ਪਿਆ ਹੈ। ਸ਼ਹਿਰ ਦੀਆਂ ਅੰਦਰੂਨੀ ਅਤੇ ਬਾਹਰਲੀਆਂ ਸੜਕਾਂ ਖਸਤਾ ਹਾਲਤ ਹੋ ਚੁੱਕੀਆਂ ਹਨ, ਜਿਸ ਕਾਰਨ ਲੋਕ ਖਾਸੇ ਪਰੇਸ਼ਾਨ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਮਹਿੰਦਰਪਾਲ ਮਦਾਨ ਵਾਈਸ ਪ੍ਰਧਾਨ ਅਰੋੜਾ ਮਹਾਸਭਾ ਕਪੂਰਥਲਾ ਤੇ ਸਾਬਕਾ ਕੌਂਸਲਰ ਨੇ ਕੀਤਾ। ਉਨ੍ਹਾਂ ਕਿਹਾ ਕਿ ਕਪੂਰਥਲਾ ਤੋਂ ਸੁਭਾਨਪੁਰ ਰੋਡ ਦੀ ਖਸਤਾ ਹਾਲਤ ਤੋਂ ਕੋਈ ਵੀ ਅਣਜਾਣ ਨਹੀਂ ਹੈ। ਇਸ ਸੜਕ 'ਤੇ ਸਫਰ ਤਹਿ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਜਗ੍ਹਾ-ਜਗ੍ਹਾ 'ਤੇ ਟੋਇਆਂ ਅਤੇ ਖਸਤਾ ਹਾਲਤ ਸੜਕਾਂ ਨੇ ਸਫਰ ਕਰਨ ਦਾ ਮਜ਼ਾ ਕਿਰਕਰਾ ਕੀਤਾ ਹੋਇਆ ਹੈ। ਸੜਕ ਦੀ ਖਸਤਾ ਹਾਲਤ ਹੋਣ ਕਰਕੇ ਸੜਕ ਦੁਰਘਟਨਾਵਾਂ 'ਚ ਵੀ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਬੱਕਰਖਾਨਾ ਬਾਈਪਾਸ, ਕਾਲਾ ਸੰਘਿਆਂ ਫਾਟਕ ਰੋਡ, ਔਜਲਾ ਫਾਟਕ ਰੋਡ ਆਦਿ ਦਾ ਪੂਰੀ ਤਰ੍ਹਾਂ ਸੱਤਿਆਨਾਸ ਹੋ ਚੁੱਕਾ ਹੈ। ਇਨ੍ਹਾਂ ਸੜਕਾਂ 'ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ, ਜੋ ਕਿ ਬਰਸਾਤੀ ਦਿਨਾਂ 'ਚ ਛੱਪੜ ਦਾ ਰੂਪ ਧਾਰਨ ਕਰ ਲੈਂਦੇ ਹਨ। ਸ਼ਹਿਰ ਦੇ ਅੰਦਰ ਦੀ ਗੱਲ ਕਰੀਏ ਤਾਂ ਕਪੂਰਥਲਾ ਦਾ ਮਾਣ ਮੰਨੀ ਜਾਣ ਵਾਲੀ ਮਾਲ ਰੋਡ ਦਾ ਹਾਲ ਬਹੁਤ ਹੀ ਬੁਰਾ ਹੋ ਚੁੱਕਾ ਹੈ। ਇਸ ਸੜਕ ਤੋਂ ਲੁੱਕ ਖਤਮ ਹੋਣ ਕਰਕੇ ਬੱਜਰੀ ਖਿੱਲਰੀ ਹੋਈ ਹੈ ਅਤੇ ਵੱਡੇ-ਵੱਡੇ ਟੋਏ ਪਏ ਹਨ।
ਇਸ ਤੋਂ ਇਲਾਵਾ ਸਟੇਟ ਗੁਰਦੁਆਰਾ ਸਾਹਿਬ ਦੀ ਬੈਕਸਾਈਡ ਰੋਡ ਦੀ ਵੀ ਖਸਤਾ ਹਾਲਤ ਹੋ ਚੁੱਕੀ ਹੈ। ਇਨ੍ਹਾਂ ਸੜਕਾਂ ਤੋਂ ਇਲਾਵਾ ਹੋਰ ਸੜਕਾਂ ਦਾ ਵੀ ਬੁਰਾ ਹਾਲ ਹੈ। ਉੱਘੇ ਸਮਾਜ ਸੇਵਕ ਮਹਿੰਦਰਪਾਲ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਪੂਰਥਲਾ ਵਾਸੀਆਂ ਨੂੰ ਮੁਢਲੀਆਂ ਸਹੂਲਤਾਂ ਦੇ ਤਹਿਤ ਸੜਕਾਂ ਦੀ ਸਹੂਲਤ ਦੇਣਾ ਪ੍ਰਸ਼ਾਸਨ ਦਾ ਅਹਿਮ ਫਰਜ਼ ਹੈ। ਪ੍ਰਸ਼ਾਸਨ ਨੂੰ ਕਪੂਰਥਲਾ ਦੀਆਂ ਸੜਕਾਂ ਦੀ ਹਾਲਤ ਜਲਦ ਤੋਂ ਜਲਦ ਸੁਧਾਰ ਕੇ ਸੜਕ ਦੁਰਘਟਨਾਵਾਂ 'ਚ ਹੋ ਰਹੇ ਵਾਧੇ ਨੂੰ ਵੀ ਰੋਕਿਆ ਜਾ ਸਕਦਾ ਹੈ।


Related News