ਜਿਣਸੀ ਸ਼ੋਸ਼ਣ ਮਾਮਲਾ: ਦਲਿਤ ਵਿੰਗ ਦੇ ਮੁਖੀ ਮੇਵਾ ਸਿੰਘ ਦੀ ਜ਼ਮਾਨਤ ਪਟੀਸ਼ਨ ਰੱਦ
Monday, May 19, 2025 - 10:58 PM (IST)

ਹਲਵਾਰਾ (ਲਾਡੀ) : ਔਰਤ ਦੇ ਜਿਣਸੀ ਸ਼ੋਸ਼ਣ ਅਤੇ ਮਾਰ-ਕੁੱਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਆਪ ਪਾਰਟੀ ਰਾਏਕੋਟ ਹਲਕੇ ਦੇ ਦਲਿਤ ਵਿੰਗ ਪ੍ਰਧਾਨ ਮੇਵਾ ਸਿੰਘ ਦੀ ਜ਼ਮਾਨਤ ਅਰਜ਼ੀ ਜਗਰਾਉਂ ਅਦਾਲਤ ਨੇ ਰੱਦ ਕਰ ਦਿੱਤੀ ਹੈ। ਮਾਣਯੋਗ ਜੱਜ ਨੇ ਮੇਵਾ ਸਿੰਘ ਦੀ ਜ਼ਮਾਨਤ ਪਟੀਸ਼ਨ ਰੱਦ ਕਰਦੇ ਹੋਏ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਔਰਤ ਦੇ ਜਿਣਸੀ ਸ਼ੋਸ਼ਣ ਅਤੇ ਮਾਂ-ਧੀ ਦੀ ਕੁੱਟ ਮਾਰ ਵਰਗੇ ਗੰਭੀਰ ਮਾਮਲਿਆਂ ਵਿੱਚ ਜ਼ਮਾਨਤ ਦੇਣ ਨਾਲ ਸਮਾਜ ਨੂੰ ਗਲਤ ਸੁਨੇਹਾ ਜਾਵੇਗਾ।
ਵਕੀਲ ਹਰਮਨਜੀਤ ਸਿੰਘ ਨੇ ਜ਼ਮਾਨਤ ਦੀ ਮੰਗ ਕਰਦੇ ਹੋਏ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਮੇਵਾ ਸਿੰਘ ਦੀ ਹਾਲਤ ਬਹੁਤ ਨਾਜ਼ੁਕ ਹੈ। ਉਹ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹੈ। ਹਰਮਨਜੀਤ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਮੇਵਾ ਸਿੰਘ ਵਿਰੁੱਧ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਅਤੇ ਉਸ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਹੈ। ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਸਰਕਾਰੀ ਵਕੀਲ ਰਵਿੰਦਰ ਸਿੰਘ ਨੇ ਕਿਹਾ ਕਿ ਮੇਵਾ ਸਿੰਘ ਨੇ ਇੱਕ ਘਿਨਾਉਣਾ ਅਪਰਾਧ ਕੀਤਾ ਹੈ ਅਤੇ ਉਸ 'ਤੇ ਲਗਾਈਆਂ ਗਈਆਂ ਅਪਰਾਧਿਕ ਧਾਰਾਵਾਂ ਦੀ ਸੁਣਵਾਈ ਸੈਸ਼ਨ ਕੋਰਟ (ਜ਼ਿਲ੍ਹਾ ਅਦਾਲਤ) ਵਿੱਚ ਹੋਣੀ ਹੈ, ਇਸ ਲਈ ਜ਼ਮਾਨਤ ਪਟੀਸ਼ਨ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।
ਅਦਾਲਤ ਨੇ ਦੋਵਾਂ ਧਿਰਾਂ ਦੀ ਸੁਣਵਾਈ ਕਰਨ ਤੋਂ ਬਾਅਦ ਮੇਵਾ ਸਿੰਘ ਦੀ ਜਮਾਨਤ ਜਾਚੀਕਾ ਰੱਦ ਕਰ ਦਿੱਤੀ। ਦੂਜੇ ਪਾਸੇ, ਮੇਵਾ ਸਿੰਘ, ਜੋ ਕਿ 16 ਮਈ ਤੋਂ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਸੀ, ਨੂੰ ਵੈਂਟੀਲੇਟਰ ਤੋਂ ਹਟਾ ਕੇ ਆਕਸੀਜਨ ਲਗਾ ਦਿੱਤੀ ਗਈ ਹੈ। ਮੇਵਾ ਸਿੰਘ ਦਾ ਇਲਾਜ ਕਰ ਰਹੇ ਡਾਕਟਰ ਸੁਮੇਲ ਸਿੰਘ ਨੇ ਕਿਹਾ ਕਿ ਮੇਵਾ ਸਿੰਘ ਦੀ ਹਾਲਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਉਸਨੂੰ ਹੋਸ਼ ਆ ਗਈ ਹੈ। ਉਸਨੂੰ ਹਲੈ ਦੋ ਤੋਂ ਤਿੰਨ ਦਿਨ ਹਸਪਤਾਲ ਵਿੱਚ ਰੱਖਿਆ ਜਾਵੇਗਾ। ਉਸਦੀ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਹੀ ਛੁੱਟੀ ਦਿੱਤੀ ਜਾਵੇਗੀ।