ਸਾਈਬਰ ਠੱਗ ਨੇ ਖੁਦ ਨੂੰ ਭਾਣਜਾ ਬਣਾ ਕੇ ਵਿਅਕਤੀ ਤੋਂ 6 ਲੱਖ ਕਰਵਾਏ ਟਰਾਂਸਫਰ
Monday, Nov 14, 2022 - 01:41 PM (IST)
ਲੁਧਿਆਣਾ (ਰਾਜ) : ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਖੁਦ ਨੂੰ ਰਿਸ਼ਤੇਦਾਰ ਦੱਸ ਕੇ ਲਾਲਚ ਦੇਣ ਤੋਂ ਬਾਅਦ ਖਾਤੇ ’ਚੋਂ ਪੈਸੇ ਟਰਾਂਸਫਰ ਕਰਵਾ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਾਨਗਰ ਦੇ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ ਫੋਨ ਕਰਕੇ ਨੌਜਵਾਨ ਨੇ ਖੁਦ ਨੂੰ ਉਸ ਦਾ ਭਾਣਜਾ ਦੱਸਿਆ ਅਤੇ ਕਿਹਾ ਕਿ ਉਸ ਦਾ ਕਿਸੇ ਨਾਲ ਝਗੜਾ ਹੋ ਗਿਆ ਹੈ। ਸਮਝੌਤੇ ਲਈ ਉਸ ਨੂੰ ਕੁਝ ਪੈਸਿਆਂ ਦੀ ਲੋੜ ਹੈ। ਉਹ ਉਸ ਨੂੰ ਜਲਦ ਵਾਪਸ ਭੇਜ ਦੇਵੇਗਾ। ਇਸ ਤਰ੍ਹਾਂ ਗੱਲਾਂ ’ਚ ਉਲਝਾ ਕੇ ਮੁਲਜ਼ਮ ਨੇ ਈਸ਼ਰ ਨਗਰ ਨਿਵਾਸੀ ਮਨਮੋਹਨ ਸਿੰਘ ਦੇ ਖਾਤੇ ’ਚੋਂ ਲਗਭਗ ਸਵਾ 6 ਲੱਖ ਰੁਪਏ ਟਰਾਂਸਫਰ ਕਰਵਾ ਲਏ। ਜਦ ਮਨਮੋਹਨ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਥਾਣਾ ਸਦਰ ਦੀ ਪੁਲਸ ਨੇ ਇਸ ਮਾਮਲੇ ’ਚ ਮਨਮੋਹਨ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ।
ਈਸ਼ਰ ਨਗਰ ਦੇ ਰਹਿਣ ਵਾਲੇ ਮਨਮੋਨਹਨ ਸਿੰਘ ਨੇ ਪੁਲਸ ਨੂੰ ਦੱਸਿਆ ਕਿ 10 ਅਕਤੂਬਰ ਦੀ ਸਵੇਰ ਨੂੰ ਉਸ ਦੇ ਮੋਬਾਇਲ ’ਤੇ ਵ੍ਹਟਸਐਪ ਨੰਬਰ ਤੋਂ ਕਾਲ ਆਈ। ਉਧਰੋਂ ਗੱਲ ਕਰਨ ਵਾਲੇ ਨੇ ਕਿਹਾ ਕਿ ਸਤਿ ਸ੍ਰੀ ਅਕਾਲ ਮਾਮਾ ਜੀ, ਉਸ ਨੂੰ ਲੱਗਾ ਕਾਲ ਕੈਨੇਡਾ ਦੇ ਮੋਂਟਰੀਅਲ ਵਿਚ ਰਹਿ ਰਹੇ ਉਸ ਦੇ ਭਾਣਜੇ ਜਗਮੀਤ ਸਿੰਘ ਮੋਨੂ ਨੇ ਕੀਤੀ ਹੈ। ਉਹ ਮੋਨੂ ਸਮਝ ਕੇ ਉਸ ਨਾਲ ਗੱਲ ਕਰਨ ਲੱਗਾ। ਉਧਰੋਂ ਗੱਲ ਕਰਨ ਵਾਲੇ ਨੇ ਦੱਸਿਆ ਕਿ ਉਹ ਲੋਕ ਇਕ ਪਾਰਟੀ ਦੇ ਲਈ ਬ੍ਰੈਂਪਟਨ ਗਏ ਸਨ, ਜਿੱਥੇ ਉਨ੍ਹਾਂ ਦਾ ਵੇਟਰ ਨਾਲ ਝਗੜਾ ਹੋ ਗਿਆ। ਗੁੱਸੇ ’ਚ ਉਸ ਨੇ ਵੇਟਰ ਦੇ ਸਿਰ ’ਤੇ ਬੋਤਲ ਮਾਰ ਦਿੱਤੀ। ਹੁਣ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦਾ ਫੋਨ ਵੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ, ਜਿਸ ਤੋਂ ਬਾਅਦ ਉਸ ਨੇ ਇਹ ਬੋਲ ਕੇ ਫੋਨ ਦੂਜੇ ਆਦਮੀ ਨੂੰ ਫੜਾ ਦਿੱਤਾ ਕਿ ਉਸ ਦਾ ਵਕੀਲ ਹੈ।
ਫਰਜ਼ੀ ਵਕੀਲ ਬਣੇ ਵਿਅਕਤੀ ਨੇ ਕਿਹਾ ਕਿ ਵੇਟਰ ਨਾਲ ਸਮਝੌਤਾ ਕਰਨ ਲਈ 4 ਹਜ਼ਾਰ ਡਾਲਰ ਦੇਣੇ ਪੈਣਗੇ। ਉਸ ਦੀ ਗੱਲਾਂ ਵਿਚ ਆ ਕੇ ਮਨਮੋਹਨ ਸਿੰਘ ਨੇ ਉਸ ਦੇ ਅਕਾਊਂਟ ’ਚ ਰਕਮ ਜਮ੍ਹਾ ਕਰਵਾ ਦਿੱਤੀ। ਕੁਝ ਹੀ ਦੇਰ ਬਾਅਦ ਫਿਰ ਤੋਂ ਫੋਨ ਆ ਗਿਆ, ਜਿਸ ਵਿਚ ਗੱਲ ਕਰਦੇ ਹੋਏ ਵਕੀਲ ਨੇ ਕਿਹਾ ਕਿ ਵੇਟਰ ਦਾ ਪਰਿਵਾਰ ਆ ਗਿਆ ਹੈ, ਉਹ ਇੰਨੀ ਰਕਮ ਲੈ ਕੇ ਸਮਝੌਤਾ ਕਰਨ ਨੂੰ ਮੰਨ ਨਹੀਂ ਰਿਹਾ ਹੈ। ਉਨ੍ਹਾਂ ਨੂੰ 6 ਹਜ਼ਾਰ ਡਾਲਰ ਹੋਰ ਦੇਣਗੇ ਪੈਣਗੇ, ਜਿਸ ’ਤੇ ਦੱਸੇ ਅਕਾਊਂਟ ’ਚ ਹੋਰ ਪੈਸੇ ਜਮ੍ਹਾ ਕਰਵਾ ਦਿੱਤੇ। ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਅਸਲੀ ਭਾਣਜੇ ਦੇ ਨੰਬਰ ’ਤੇ ਕਾਲ ਵੀ ਕੀਤੀ ਸੀ ਪਰ ਉਸ ਨੇ ਚੁੱਕਿਆ ਨਹੀਂ ਸੀ ਪਰ ਤਦ ਤੱਕ ਪੈਸੇ ਜਮ੍ਹਾ ਕਰਵਾ ਚੁੱਕਾ ਸੀ। ਜਦ ਕੁਝ ਸਮੇਂ ਬਾਅਦ ਉਸ ਨੂੰ ਅਸਲੀ ਭਾਣਜੇ ਦਾ ਫੋਨ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਠੱਗਿਆ ਜਾ ਚੁੱਕਿਆ ਹੈ। ਇਸ ਤੋਂ ਬਾਅਦ ਉਸ ਨੇ ਸੀ. ਪੀ. ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।