ਪਾਵਰਕਾਮ ਦੀ ਲਾਪ੍ਰਵਾਹੀ ਨਾਲ ਕਿਸਾਨ ਦੀ 17 ਏਕੜ ਫਸਲ ਹੋਈ ਖਰਾਬ

Monday, Aug 21, 2017 - 07:43 AM (IST)

ਪਾਵਰਕਾਮ ਦੀ ਲਾਪ੍ਰਵਾਹੀ ਨਾਲ ਕਿਸਾਨ ਦੀ 17 ਏਕੜ ਫਸਲ ਹੋਈ ਖਰਾਬ

ਮਲੋਟ  (ਜੁਨੇਜਾ) - ਸਥਾਨਕ ਪਾਵਰਕਾਮ ਵਿਭਾਗ ਦੀ ਲਾਪ੍ਰਵਾਹੀ ਨਾਲ ਪਿੰਡ ਈਨਾਖੇੜਾ ਦੇ ਇਕ ਕਿਸਾਨ ਦੀ 17 ਏਕੜ ਫਸਲ ਬਰਬਾਦ ਹੋ ਗਈ ਹੈ। ਇਸ ਮਾਮਲੇ 'ਤੇ ਖੇਤੀਬਾੜੀ ਵਿਭਾਗ ਅਤੇ ਹੋਰ ਏਜੰਸੀਆਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਜਾ ਚੁੱਕਾ ਹੈ ਪਰ ਤਿੰਨ ਹਫਤੇ ਲੰਘ ਜਾਣ ਦੇ ਬਾਵਜੂਦ ਵੀ ਬਿਜਲੀ ਮਹਿਕਮੇ ਦੀ ਅੱਖ ਨਹੀਂ ਖੁੱਲ੍ਹੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਈਨਾਖੇੜਾ ਨੇ ਦੱਸਿਆ ਕਿ ਉਸ ਦੇ ਖੇਤ ਵਿਚ ਲੱਗਾ ਟਰਾਂਸਫਾਰਮਰ ਖਰਾਬ ਹੋ ਗਿਆ। ਇਸ ਸਬੰਧੀ 27 ਜੁਲਾਈ 2017 ਨੂੰ  ਉਸ ਨੇ ਸਥਾਨਕ ਪਾਵਰਕਾਮ ਦਫਤਰ ਵਿਚ ਸ਼ਿਕਾਇਤ ਕਰ ਦਿੱਤੀ। ਉਸ ਅਨੁਸਾਰ ਇਸ ਉਪਰੰਤ ਉਸ ਵੱਲੋਂ ਲਗਾਤਾਰ ਦਫਤਰ ਵਿਚ ਗੇੜੇ ਮਾਰਨ ਤੋਂ ਇਲਾਵਾ ਮਹਿਕਮੇ ਵੱਲੋਂ ਦਿੱਤੇ ਟੋਲ ਫ੍ਰੀ ਨੰਬਰ 1912 'ਤੇ ਕਈ ਵਾਰ ਆਪਣੀ ਸ਼ਿਕਾਇਤ ਲਿਖਾਈ ਗਈ ਪਰ ਕਿਸੇ ਅਧਿਕਾਰੀ ਦੇ ਕੰਨ 'ਤੇ ਜੂੰ ਨਹੀਂ ਸਰਕੀ। ਉਸ ਨੇ ਦੱਸਿਆ ਕਿ ਟਰਾਂਸਫਾਰਮਰ ਖਰਾਬ ਹੋਣ ਕਾਰਨ ਫਸਲ ਨੂੰ ਪਾਣੀ ਨਹੀਂ ਮਿਲਿਆ, ਜਿਸ ਕਾਰਨ ਉਸ ਦਾ 11 ਏਕੜ ਝੋਨਾ ਅਤੇ 6 ਏਕੜ ਨਰਮਾ ਪੂਰੀ ਤਰ੍ਹਾਂ ਸੜ ਗਿਆ ਹੈ। ਇਸ ਸਬੰਧੀ ਖੇਤੀ ਮਹਿਕਮੇ ਅਤੇ ਆਤਮਾ ਏਜੰਸੀ ਦੇ ਅਧਿਕਾਰੀ ਜਾਇਜ਼ਾ ਲੈ ਚੁੱਕੇ ਹਨ ਪਰ ਤਿੰਨ ਹਫਤੇ ਲੰਘ ਜਾਣ ਤੋਂ ਬਾਅਦ ਵੀ ਪਾਵਰਕਾਮ ਦੀ ਅੱਖ ਨਹੀਂ ਖੁੱਲ੍ਹੀ।


Related News