ਸਾਇਬੇਰੀਅਨ ਪੰਛੀਆਂ ਦਾ ਕਹਿਰ, ਕਿਸਾਨਾਂ ਦੀ ਫਸਲ ਕਰ ਰਹੇ ਤਬਾਹ, ਮੁਆਵਜ਼ੇ ਦੀ ਮੰਗ ਨੇ ਫੜਿਆ ਜ਼ੋਰ
Monday, Dec 15, 2025 - 11:32 AM (IST)
ਪਠਾਨਕੋਟ (ਸ਼ਾਰਦਾ)- ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਵੱਧ ਰਹੇ ਸਾਇਬੇਰੀਅਨ ਪ੍ਰਵਾਸੀ ਪੰਛੀਆਂ ਦੇ ਝੁੰਡ ਇਸ ਵਾਰ ਕਿਸਾਨਾਂ ਦੀ ਕਣਕ ਦੀ ਫਸਲ ’ਤੇ ਭਿਆਨਕ ਕਹਿਰ ਬਣ ਕੇ ਟੁੱਟ ਪਏ ਹਨ। ਅਰਧ ਪਹਾੜੀ ਖੇਤਰ ਦੇ ਪਿੰਡ ਸਾਰਟੀ, ਮਾੜਵਾਂ, ਸਤੀਨ, ਗੁਨੇਰਾ, ਦਰਕੂਆ, ਬਾਂਗਲਾ, ਪਤਰਾਲਵਾਂ ਅਤੇ ਚਿੱਬੜ ਸਮੇਤ ਕਈ ਪਿੰਡਾਂ ਦੇ ਕਿਸਾਨ ਇਸ ਸਮੇਂ ਗੰਭੀਰ ਕੁਦਰਤੀ ਸੰਕਟ ਨਾਲ ਜੂਝ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਇਨ੍ਹਾਂ ਪੰਛੀਆਂ ਦੀ ਗਿਣਤੀ ਵਧ ਰਹੀ ਹੈ ਅਤੇ ਇਸ ਵਾਰ ਹਾਲਾਤ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਭਿਆਨਕ ਹੋ ਗਏ ਹਨ। ਕਿਸਾਨਾਂ ਅਨੁਸਾਰ ਹਜ਼ਾਰਾਂ ਦੀ ਗਿਣਤੀ ’ਚ ਖੇਤਾਂ ਵਿਚ ਉਤਰਨ ਵਾਲੇ ਇਹ ਪੰਛੀ ਕੁਝ ਹੀ ਘੰਟਿਆਂ ’ਚ ਪੂਰੀ ਫਸਲ ਨਸ਼ਟ ਕਰ ਦਿੰਦੇ ਹਨ। ਜੋ ਫਸਲ ਬਚ ਜਾਂਦੀ ਹੈ, ਉਨ੍ਹਾਂ ਨੂੰ ਪੈਰਾਂ ਨਾਲ ਰੌਂਦ ਕੇ ਤਬਾਹ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ-ਅੰਮ੍ਰਿਤਸਰ: ਇਕ ਗੋਲੀ ਨਾਲ ਵਿੰਨ੍ਹੇ ਦੋ, ਨੌਜਵਾਨ ਦੇ ਢਿੱਡ 'ਚੋਂ ਆਰ-ਪਾਰ ਹੋਈ ਗੋਲੀ ਔਰਤ ਨੂੰ ਜਾ ਲੱਗੀ
ਸਥਾਨਕ ਕਿਸਾਨਾਂ ਦਾ ਕਹਿਣਾ ਹੈ ਕਿ ਸਵੇਰ-ਸ਼ਾਮ ਖੇਤਾਂ ਦੀ ਨਿਗਰਾਨੀ ਕਰਨ ਦੇ ਬਾਵਜੂਦ ਅਚਾਨਕ ਝੁੰਡਾਂ ਦੇ ਰੂਪ ’ਚ ਆਉਣ ਵਾਲੇ ਪੰਛੀਆਂ ਤੋਂ ਫਸਲ ਬਚਾਉਣਾ ਲਗਭਗ ਅਸੰਭਵ ਹੈ। ਪਹਿਲਾਂ ਹੀ ਮੌਸਮ ਦੀ ਬੇਯਕੀਨੀ, ਆਵਾਰਾ ਪਸ਼ੂਆਂ ਅਤੇ ਜੰਗਲੀ ਜਾਨਵਰਾਂ ਕਾਰਨ ਖੇਤੀ ਮੁਸ਼ਕਿਲ ਬਣੀ ਹੋਈ ਸੀ। ਕਿਸਾਨਾਂ ਨੇ ਖੇਤਾਂ ਦੇ ਆਲੇ-ਦੁਆਲੇ ਲੋਹੇ ਦੀ ਤਾਰ ਲਾ ਕੇ ਸੁਰੱਖਿਆ ਕੀਤੀ ਪਰ ਸਾਇਬੇਰੀਅਨ ਪੰਛੀਆਂ ਨੇ ਸਾਰੀ ਮਿਹਨਤ ਵਿਅਰਥ ਕਰ ਦਿੱਤੀ। ਕਿਸਾਨਾਂ ਨੇ ਦੱਸਿਆ ਕਿ ਰਣਜੀਤ ਸਾਗਰ ਝੀਲ ਪ੍ਰਾਜੈਕਟ ਹੇਠ ਉਨ੍ਹਾਂ ਦੀ ਕਾਫ਼ੀ ਜ਼ਮੀਨ ਅਕਵਾਇਰ ਹੋਈ ਸੀ ਪਰ ਅਜੇ ਤੱਕ ਉਚਿਤ ਮੁਆਵਜ਼ਾ ਜਾਂ ਪੁਨਰਵਾਸ ਨਹੀਂ ਮਿਲਿਆ। ਹੁਣ ਫਸਲਾਂ ਦੀ ਤਬਾਹੀ ਨੇ ਉਨ੍ਹਾਂ ਦੀ ਆਰਥਿਕ ਹਾਲਤ ਹੋਰ ਵੀ ਖਰਾਬ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ 10 ਜ਼ਿਲ੍ਹਿਆਂ 'ਚ ਮੌਸਮ ਨੂੰ ਲੈ ਕੇ ਚਿਤਾਵਨੀ, ਪੜ੍ਹੋ ਅਗਲੇ 5 ਦਿਨਾਂ ਦੀ Weather Update
ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ਟ ਹੋਈ ਕਣਕ ਦੀ ਫਸਲ ਦਾ ਤੁਰੰਤ ਸਰਵੇ ਕਰਵਾ ਕੇ ਉਚਿਤ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ। ਉਨ੍ਹਾਂ ਨੇ ਵਣ ਜੀਵ ਅਤੇ ਖੇਤੀਬਾੜੀ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਪੰਛੀਆਂ ਨੂੰ ਖੇਤਾਂ ਤੋਂ ਦੂਰ ਰੱਖਣ ਲਈ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ। ਕਿਸਾਨ ਆਗੂ ਠਾਕੁਰ ਓਂਕਾਰ ਸਿੰਘ ਲਲੋਤਰਾ ਅਤੇ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਨੇ ਵੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਇਬੇਰੀਅਨ ਪੰਛੀਆਂ ਕਾਰਨ ਕਿਸਾਨਾਂ ਦੀ ਫਸਲ ਨੂੰ ਹੋ ਰਹੇ ਨੁਕਸਾਨ ਦਾ ਤੁਰੰਤ ਅਤੇ ਸਥਾਈ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦੇਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕਿਸਾਨਾਂ ਦੀ ਆਰਥਿਕ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਨੂੰ ਅਲੋਪ ਹੋ ਰਹੇ ਪਸ਼ੂ-ਪੰਛੀਆਂ ਨੂੰ ਰੱਖਣਾ ਦਾ ਹੈ ਸ਼ੌਕ, ਰੱਖੇ ਦੋ ਬਾਜ ਤੇ ਇਕ ਵਿਦੇਸ਼ੀ ਕਿਰਲਾ
