ਦੋਸਤ ਦੀ ਕ੍ਰਿਮੀਨਲ ਬੈਕ ਗਰਾਊੁਂਡ ਦਾ ਪਤਾ ਲੱਗਣ ''ਤੇ ਘਰ ''ਚ ਆਉਣ ਤੋਂ ਮਨ੍ਹਾ ਕਰਨਾ ਔਰਤ ਨੂੰ ਪੈ ਗਿਆ ਮਹਿੰਗਾ

04/13/2018 6:34:08 AM

ਲੁਧਿਆਣਾ(ਪੰਕਜ)-ਤਲਾਕਸ਼ੁਦਾ ਤੇ ਇਕ ਬੱਚੀ ਦੀ ਮਾਂ ਨੂੰ ਰਿਲੇਸ਼ਨਸ਼ਿਪ ਵਿਚ ਰਹਿਣ ਵਾਲੇ ਮੁਲਜ਼ਮ ਦੀ ਕ੍ਰਿਮੀਨਲ ਬੈਕ ਗਰਾਊਂਡ ਦੀ ਜਾਣਕਾਰੀ ਮਿਲਣ 'ਤੇ ਉਸ ਨੂੰ ਆਪਣੇ ਘਰ ਵਿਚ ਆਉਣ ਤੋਂ ਸਾਫ ਮਨ੍ਹਾ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਮੁਲਜ਼ਮ ਨੇ ਦੇਸੀ ਰਿਵਾਲਵਰ ਨਾਲ ਉਸ 'ਤੇ ਫਾਇਰ ਕਰ ਦਿੱਤਾ। ਨਿਸ਼ਾਨਾ ਖੁੰਝਣ ਕਾਰਨ ਔਰਤ ਵਾਲ-ਵਾਲ ਬਚ ਗਈ ਅਤੇ ਗੋਲੀ ਕੰਧ ਵਿਚ ਜਾ ਵੱਜੀ ਪਰ ਗੋਲੀ ਦੇ ਸ਼ਰ੍ਹੇ ਨਾਲ ਔਰਤ ਜ਼ਖਮੀ ਹੋ ਗਈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਦੁੱਗਰੀ ਹਰਪਾਲ ਸਿੰਘ ਨੇ ਦੱਸਿਆ ਕਿ ਚੌਹਾਨ ਨਗਰ ਗਲੀ ਨੰ. 6 ਧਾਂਦਰਾ ਰੋਡ 'ਤੇ ਰਹਿਣ ਵਾਲੀ ਗੁਰਪ੍ਰੀਤ ਕੌਰ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਹੈ, ਜਿਸ ਕਾਰਨ ਉਹ ਆਪਣੀ ਬੇਟੀ ਨਾਲ ਘਰ ਵਿਚ ਰਹਿੰਦੀ ਹੈ, ਗੁਰਪ੍ਰੀਤ ਕੌਰ ਦੀ ਪਿੰਡ ਕੈਲੋ, ਮਾਲੇਰਕੋਟਲਾ ਨਿਵਾਸੀ ਕੁਲਦੀਪ ਸਿੰਘ ਨਾਲ ਦੋਸਤੀ ਹੋ ਗਈ ਤੇ ਦੋਨੋਂ ਰਿਲੇਸ਼ਨਸ਼ਿਪ ਵਿਚ ਰਹਿਣ ਲੱਗੇ। ਥੋੜ੍ਹੀ ਦੇਰ ਬਾਅਦ ਔਰਤ ਨੂੰ ਪਤਾ ਲੱਗਾ ਕਿ ਕੁਲਦੀਪ ਅਪਰਾਧੀ ਪ੍ਰਵਿਰਤੀ ਵਾਲਾ ਇਨਸਾਨ ਹੈ ਤੇ ਸੀ. ਆਈ. ਏ. ਦੀ ਪੁਲਸ ਨੇ ਉਸ ਤੋਂ ਦੇਸੀ ਕੱਟਾ ਬਰਾਮਦ ਕੀਤਾ ਸੀ, ਇਸ ਕੇਸ ਵਿਚ ਉਹ ਕੁੱਝ ਦਿਨ ਪਹਿਲਾਂ ਹੀ ਜੇਲ ਤੋਂ ਜ਼ਮਾਨਤ 'ਤੇ ਛੁੱਟ ਕੇ ਆਇਆ ਸੀ। ਘਰ ਵਿਚ ਆਪਣੀ ਬੱਚੀ ਨਾਲ ਇਕੱਲੇ ਰਹਿਣ ਵਾਲੀ ਗੁਰਪ੍ਰੀਤ ਨੇ ਮੁਲਜ਼ਮ ਕੁਲਦੀਪ ਦੀ ਅਸਲੀਅਤ ਪਤਾ ਲੱਗਣ 'ਤੇ ਉਸ ਨੂੰ ਘਰ ਵਿਚ ਆਉਣ ਤੋਂ ਮਨ੍ਹਾ ਕਰ ਦਿੱਤਾ। ਇਸ ਗੱਲ ਤੋਂ ਮੁਲਜ਼ਮ ਉਸ ਨਾਲ ਝਗੜਾ ਕਰਨ ਲੱਗਾ।
ਵੀਰਵਾਰ ਸਵੇਰੇ ਵੀ ਜਦੋਂ ਔਰਤ ਨੇ ਮੁਲਜ਼ਮ ਨੂੰ ਘਰ ਵਿਚ ਆਉਣ ਤੋਂ ਸਾਫ ਮਨ੍ਹਾ ਕਰ ਦਿੱਤਾ ਤਾਂ ਗੁੱਸੇ ਵਿਚ ਆ ਕੇ ਕੁਲਦੀਪ ਨੇ ਉਕਤ ਘਟਨਾ ਨੂੰ ਅੰਜਾਮ ਦਿੱਤਾ। ਪੀੜਤਾ ਦੇ ਰੌਲਾ ਪਾਉਣ 'ਤੇ ਮੁਲਜ਼ਮ ਉਥੋਂ ਭੱਜ ਗਿਆ। ਥਾਣਾ ਇੰਚਾਰਜ ਗਰੇਵਾਲ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਖਿਲਾਫ ਇਰਾਦਾ-ਏ-ਕਤਲ ਦਾ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਔਰਤ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ।


Related News