ਦਿੱਕਤਾਂ ਵਾਲਾ ਹੈ ਸ਼ਤਾਬਦੀ ਤੇ ਵੋਲਵੋ ਦਾ ਮਹਿੰਗਾ ਸਫ਼ਰ, 40 ਡਿਗਰੀ ਗਰਮੀ ’ਚ ਰੇਲਵੇ ਸਟੇਸ਼ਨ ਤੇ ਬੱਸ ਅੱਡੇ ’ਚ ਯਾਤਰੀ ਬੇਹਾਲ

Monday, May 06, 2024 - 12:00 PM (IST)

ਦਿੱਕਤਾਂ ਵਾਲਾ ਹੈ ਸ਼ਤਾਬਦੀ ਤੇ ਵੋਲਵੋ ਦਾ ਮਹਿੰਗਾ ਸਫ਼ਰ, 40 ਡਿਗਰੀ ਗਰਮੀ ’ਚ ਰੇਲਵੇ ਸਟੇਸ਼ਨ ਤੇ ਬੱਸ ਅੱਡੇ ’ਚ ਯਾਤਰੀ ਬੇਹਾਲ

ਜਲੰਧਰ (ਪੁਨੀਤ)-ਟਰੇਨਾਂ ਜ਼ਰੀਏ ਆਰਾਮਦਾਇਕ ਸਫ਼ਰ ਕਰਦੇ ਹੋਏ ਦਿੱਲੀ ਜਾਣਾ ਹੋਵੇ ਤਾਂ ਸਭ ਤੋਂ ਪਹਿਲਾਂ ਸ਼ਤਾਬਦੀ ਵਰਗੀ ਗੱਡੀ ਦਾ ਸਫ਼ਰ ਕਰਨ ਨੂੰ ਮਹੱਤਵ ਦਿੱਤਾ ਜਾਂਦਾ ਹੈ। ਦੂਜੇ ਪਾਸੇ ਬੱਸਾਂ ਜ਼ਰੀਏ ਜਾਣ ਵਾਲੇ ਯਾਤਰੀ ਵੋਲਵੋ ਰਾਹੀਂ ਆਰਾਮਦਾਇਕ ਸਫ਼ਰ ਕਰਦੇ ਹੋਏ ਦਿੱਲੀ ਜਾਣਾ ਪਸੰਦ ਕਰਦੇ ਹਨ ਪਰ ਮੌਜੂਦਾ ਸਮੇਂ ’ਚ ਹਾਲਾਤ ਅਜਿਹੇ ਹਨ ਕਿ ਸ਼ਤਾਬਦੀ ਅਤੇ ਵੋਲਵੋ ਦਾ ਮਹਿੰਗਾ ਸਫ਼ਰ ਵੀ ਯਾਤਰੀਆਂ ਨੂੰ ਰਾਹਤ ਨਹੀਂ ਦੇ ਪਾ ਰਿਹਾ। ਯਾਤਰੀਆਂ ਨੂੰ ਜ਼ਿਆਦਾ ਕਿਰਾਇਆ ਖ਼ਰਚ ਕਰਨ ਦੇ ਬਾਵਜੂਦ ਪ੍ਰੇਸ਼ਾਨੀਆਂ ਵਾਲਾ ਸਫ਼ਰ ਕਰਨਾ ਪੈ ਰਿਹਾ ਹੈ।
ਸ਼ੰਭੂ ਰੇਲਵੇ ਸਟੇਸ਼ਨ ’ਤੇ ਧਰਨਾ ਦੇ ਕੇ ਬੈਠੇ ਕਿਸਾਨਾਂ ਕਾਰਨ ਅੰਬਾਲਾ ਅੰਮ੍ਰਿਤਸਰ ਰੇਲਵੇ ਟਰੈਕ ਪ੍ਰਭਾਵਿਤ ਹੋ ਰਿਹਾ ਹੈ। ਦੂਜੇ ਪਾਸੇ ਹਾਈਵੇਅ ’ਤੇ ਧਰਨੇ ਕਾਰਨ ਬੱਸਾਂ ਦਾ ਸਫ਼ਰ ਆਸਾਨ ਨਹੀਂ ਰਿਹਾ ਅਤੇ ਯਾਤਰੀ ਦਿੱਕਤਾਂ ਉਠਾਉਣ ’ਤੇ ਮਜਬੂਰ ਹਨ। ਸੜਕ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਬੱਸਾਂ ਨੂੰ ਘੁੰਮ ਕੇ ਦਿੱਲੀ ਜਾਣਾ ਪੈ ਰਿਹਾ ਹੈ, ਜਿਸ ਨਾਲ ਅੰਦਾਜ਼ਨ 2 ਘੰਟੇ ਦਾ ਜ਼ਿਆਦਾ ਸਮਾਂ ਲੱਗ ਰਿਹਾ ਹੈ।

PunjabKesari

ਹਾਲਾਤ ਅਜਿਹੇ ਬਣੇ ਹੋਏ ਹਨ ਕਿ ਸ਼ਤਾਬਦੀ ਵਿਚ ਸਫ਼ਰ ਕਰਨ ਦੇ ਬਾਵਜੂਦ ਸਮੇਂ ਸਿਰ ਦਿੱਲੀ ਪੁੱਜਣਾ ਆਸਾਨ ਨਹੀਂ ਹੈ ਕਿਉਂਕਿ ਟਰੇਨਾਂ ਜ਼ਰੀਏ ਜਾਣ ਵਾਲੇ ਯਾਤਰੀਆਂ ਨੂੰ ਸਾਹਨੇਵਾਲ ਤੇ ਚੰਡੀਗੜ੍ਹ ਤੋਂ ਹੋ ਕੇ ਅੰਬਾਲਾ ਪਹੁੰਚਣਾ ਪੈ ਰਿਹਾ ਹੈ, ਜਿਸ ਤੋਂ ਬਾਅਦ ਟਰੇਨਾਂ ਅੱਗੇ ਦਿੱਲੀ ਨੂੰ ਰਵਾਨਾ ਕੀਤੀਆਂ ਜਾ ਰਹੀਆਂ ਹਨ। ਪ੍ਰੇਸ਼ਾਨੀਆਂ ਇਥੇ ਹੀ ਖ਼ਤਮ ਨਹੀਂ ਹੋ ਰਹੀਆਂ ਕਿਉਂਕਿ ਲੰਮੇ ਰੂਟ ਸਮੇਤ ਵੱਖ-ਵੱਖ ਕਾਰਨਾਂ ਕਰਕੇ ਕਈ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ 14 ਘੰਟੇ ਦੀ ਦੇਰੀ ਨਾਲ ਜਲੰਧਰ ਰੇਲਵੇ ਸਟੇਸ਼ਨ ’ਤੇ ਪਹੁੰਚਦੀਆਂ ਵੇਖੀਆਂ ਗਈਆਂ ਹਨ।

ਇਹ ਵੀ ਪੜ੍ਹੋ- ਇਕ ਹੋਰ ਗਾਰੰਟੀ ਪੂਰਾ ਕਰੇਗੀ 'ਆਪ', ਔਰਤਾਂ ਨੂੰ ਜਲਦ ਮਿਲਣਗੇ 1000 ਰੁਪਏ ਮਹੀਨਾ

ਟਰੇਨਾਂ ਦੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਘੰਟਿਆਂਬੱਧੀ ਸਟੇਸ਼ਨ ’ਤੇ ਉਡੀਕ ਕਰਨ ’ਤੇ ਮਜਬੂਰ ਹੋਣਾ ਪੈ ਰਿਹਾ ਹੈ। ਅਜਿਹੇ ਹੀ ਹਾਲਾਤ ਬੱਸ ਅੱਡਿਆਂ ’ਤੇ ਵੀ ਵੇਖਣ ਨੂੰ ਮਿਲ ਰਹੇ ਹਨ ਕਿਉਂਕਿ ਟਰੇਨਾਂ ਦੇ ਯਾਤਰੀ ਬੱਸਾਂ ਵੱਲ ਡਾਇਵਰਟ ਹੋ ਚੁੱਕੇ ਹਨ ਅਤੇ ਵੋਲਵੋ ਬੱਸਾਂ ਵਿਚ ਸੀਟਾਂ ਨਾ ਮਿਲ ਸਕਣ ਕਾਰਨ ਯਾਤਰੀਆਂ ਨੂੰ ਅਗਲੀ ਵੋਲਵੋ ਦੀ ਲੰਮੀ ਉਡੀਕ ਕਰਨੀ ਪੈ ਰਹੀ ਹੈ। ਗਰਮੀ ਦਾ ਕਹਿਰ ਸ਼ੁਰੂ ਹੋ ਚੁੱਕਾ ਹੈ ਅਤੇ ਤਾਪਮਾਨ 40 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਹੈ। ਅਜਿਹੇ ਹਾਲਾਤ ਵਿਚ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ’ਤੇ ਉਡੀਕ ਕਰਨ ਵਾਲੇ ਯਾਤਰੀ ਬੇਹਾਲ ਹੁੰਦੇ ਦੇਖਣ ਨੂੰ ਮਿਲ ਰਹੇ ਹਨ। ਜਿਹੜੇ ਯਾਤਰੀਆਂ ਦਾ ਦਿੱਲੀ ਜਾਣਾ ਜ਼ਰੂਰੀ ਹੈ, ਉਹ ਉਡੀਕ ਕਰਦੇ ਹਨ, ਜਦੋਂ ਕਿ ਸਫਰ ਟਾਲਣਾ ਜਿਨ੍ਹਾਂ ਲਈ ਸੰਭਵ ਹੁੰਦਾ ਹੈ, ਉਹ ਵਾਪਸ ਘਰਾਂ ਨੂੰ ਮੁੜ ਰਹੇ ਹਨ।

PunjabKesari

ਪੁੱਛਗਿੱਛ ਕੇਂਦਰ ਨੇੜੇ ਲੱਗ ਰਹੀ ਭਾਰੀ ਭੀੜ
ਟਰੇਨਾਂ ਬਾਰੇ ਜਾਣਕਾਰੀ ਲੈਣ ਲਈ ਪੁੱਛਗਿੱਛ ਕੇਂਦਰ ਦੇ ਨੇੜੇ ਲੋਕਾਂ ਦੀਆਂ ਕਤਾਰਾਂ ਲੱਗੀਆਂ ਨਜ਼ਰ ਆ ਰਹੀਆਂ ਹਨ। ਇਸ ਕਾਰਨ ਲੋਕ ਪੁੱਛਗਿੱਛ ਕੇਂਦਰ ਨੇੜੇ ਜ਼ਮੀਨ ’ਤੇ ਬੈਠ ਜਾਂਦੇ ਹਨ ਅਤੇ ਆਰਾਮ ਕਰਨ ਲੱਗਦੇ ਹਨ। ਯਾਤਰੀ ਅਨਿਲ ਯਾਦਵ ਨੇ ਕਿਹਾ ਕਿ ਮੌਕੇ ’ਤੇ ਆਉਣ ਵਾਲੀ ਟਰੇਨ ਦੇ ਸਬੰਧ ਵਿਚ ਲੋਕਾਂ ਨੂੰ ਜਾਣਕਾਰੀ ਚਾਹੀਦੀ ਹੁੰਦੀ ਹੈ, ਜਿਸ ਕਾਰਨ ਲੋਕਾਂ ਵੱਲੋਂ ਜਾਣਕਾਰੀ ਲੈਣ ਨਾਲ ਉਨ੍ਹਾਂ ਨੂੰ ਵੀ ਸੂਚਨਾ ਮਿਲ ਜਾਦੀ ਹੈ। ਇਸੇ ਕਾਰਨ ਲੋਕ ਪੁੱਛਗਿੱਛ ਕੇਂਦਰ ਦੇ ਨੇੜੇ ਜੰਮ ਕੇ ਬੈਠ ਜਾਂਦੇ ਹਨ। ਇਸ ਸਮੇਂ ਸਟੇਸ਼ਨ ’ਤੇ ਸਭ ਤੋਂ ਜ਼ਿਆਦਾ ਲੋਕਾਂ ਦੀਆਂ ਲਾਈਨਾਂ ਇਥੇ ਹੀ ਵੇਖਣ ਨੂੰ ਮਿਲ ਰਹੀਆਂ ਹਨ। ਡਿਊਟੀ ਸਟਾਫ਼ ਨੂੰ ਕੁਝ ਪਲ ਲਈ ਵੀ ਆਰਾਮ ਨਹੀਂ ਮਿਲ ਰਿਹਾ।

ਇਹ ਵੀ ਪੜ੍ਹੋ-  ਖ਼ੁਦ ਦੀਆਂ ਲੋੜਾਂ ਪੂਰੀਆਂ ਹੋਣ ਉਪਰੰਤ ਸਮਾਜ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਣਾ ਜ਼ਰੂਰੀ: ਡਾ.ਓਬਰਾਏ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News