ਸਮਰਾਲਾ ''ਚ ਦਿਨ-ਦਿਹਾੜੇ ਵਾਰਦਾਤ, ਔਰਤ ਤੋਂ ਸੋਨੇ ਦੀ ਚੈਨ ਖ਼ੋਹੀ
Wednesday, May 01, 2024 - 12:10 PM (IST)
ਸਮਰਾਲਾ (ਗਰਗ, ਬੰਗੜ) : ਅੱਜ ਸਥਾਨਕ ਥਾਣੇ ਦੇ ਅਧੀਨ ਆਉਂਦੀ ਪਿੰਡ ਹੇਡੋ ਦੀ ਪੁਲਸ ਚੌਂਕੀ ਦੇ ਨਜ਼ਦੀਕ ਦੋ ਅਣਪਛਾਤੇ ਲੁਟੇਰਿਆਂ ਨੇ 2 ਔਰਤਾਂ ਨੂੰ ਘੇਰ ਕੇ ਉਨ੍ਹਾਂ ਦੀ ਸੋਨੇ ਦੀ ਚੈਨ ਖੋਹ ਲਈ ਮਿਲੀ ਜਾਣਕਾਰੀ ਅਨੁਸਾਰ ਇੱਥੋਂ ਨਜ਼ਦੀਕੀ ਪਿੰਡ ਮਲਮਾਜਰਾ ਦੀ ਸੁਖਦੀਪ ਕੌਰ ਆਪਣੀ ਭਤੀਜੀ ਸੰਦੀਪ ਕੌਰ ਨਾਲ ਐਕਟਿਵਾ 'ਤੇ ਸਮਰਾਲੇ ਖ਼ਰੀਦਦਾਰੀ ਕਰਨ ਲਈ ਆਈ ਹੋਈ ਸੀ ਪਰ ਜਦੋਂ ਉਹ ਵਾਪਸ ਆਪਣੇ ਪਿੰਡ ਮਲਮਾਜਰਾ ਜਾ ਰਹੀਆਂ ਸਨ ਤਾਂ ਹੇਡੋ ਪੁਲਸ ਚੌਂਕੀ ਦੇ ਨੇੜੇ ਦੋ ਅਣਪਛਾਤੇ ਲੁਟੇਰਿਆਂ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਐਕਟਵਾ ਅੱਗੇ ਲਾ ਲਿਆ।
ਇਸ ਕਾਰਨ ਉਹ ਐਕਟਵਾ ਤੋਂ ਹੇਠਾਂ ਡਿੱਗ ਗਈਆਂ ਅਤੇ ਉਨ੍ਹਾਂ ਦੇ ਗੰਭੀਰ ਸੱਟਾਂ ਵੀ ਵੱਜੀਆਂ। ਬੁਰੀ ਤਰ੍ਹਾਂ ਜ਼ਖਮੀ ਇਨ੍ਹਾਂ ਔਰਤਾਂ ਵਿੱਚ ਸੁਖਦੀਪ ਕੌਰ ਦੇ ਗਲ ਵਿੱਚ ਪਾਈ ਹੋਈ ਕਰੀਬ ਡੇਢ ਤੋਲੇ ਦੀ ਸੋਨੇ ਦੀ ਚੈਨ ਖੋਹ ਕੇ ਲੁਟੇਰੇ ਫ਼ਰਾਰ ਹੋ ਗਏ। ਪੀੜਤ ਸੁਖਦੀਪ ਕੌਰ ਦੇ ਪਤੀ ਹਰਿੰਦਰ ਸਿੰਘ ਨੇ ਕਿਹਾ ਕਿ ਅਮਨ ਤੇ ਕਾਨੂੰਨ ਦਾ ਜਨਾਜਾ ਨਿਕਲ ਚੁੱਕਿਆ ਹੈ ਅਤੇ ਅੱਜ ਔਰਤਾਂ ਸਮਾਨ ਖਰੀਦਣ ਲਈ ਬਾਜ਼ਾਰ ਜਾਣ ਸਮੇਂ ਵੀ ਸੁਰੱਖਿਅਤ ਨਹੀਂ ਹਨ।
ਗੰਭੀਰ ਜ਼ਖਮੀ ਹੋਈਆਂ ਦੋਵਾਂ ਔਰਤਾਂ ਨੂੰ ਸਥਾਨਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਸੰਦੀਪ ਕੌਰ ਦੇ ਸਿਰ 'ਤੇ 4 ਟਾਂਕੇ ਲੱਗੇ ਹਨ ਅਤੇ ਸੁਖਦੀਪ ਕੌਰ ਦੇ ਕਾਫੀ ਗੁੱਝੀਆਂ ਸੱਟਾਂ ਲੱਗੀਆਂ ਹਨ। ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਜ਼ਖਮੀ ਔਰਤ ਦੇ ਸਿਰ-ਮੱਥੇ 'ਤੇ ਟਾਂਕੇ ਲਾਏ ਗਏ ਹਨ ਅਤੇ ਸਰੀਰ ਦੇ ਹੋਰ ਅੰਗਾਂ 'ਤੇ ਵੀ ਸੱਟਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਭੇਜ ਦਿੱਤੀ ਗਈ ਹੈ। ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲੁਟੇਰਿਆਂ ਦੀ ਭਾਲ 'ਚ ਪੁਲਸ ਸਰਗਰਮੀ ਨਾਲ ਜੁੱਟੀ ਹੋਈ ਹੈ।