ਘਰ ''ਚ ਦਾਖਲ ਹੋ ਕੇ ਭੰਨ-ਤੋੜ ਅਤੇ ਕੁੱਟ-ਮਾਰ ਕਰਨ ਦੇ ਦੋਸ਼

03/08/2018 3:30:50 AM

ਬਠਿੰਡਾ (ਸੁਖਵਿੰਦਰ)-ਇਕ ਵਿਅਕਤੀ ਵੱਲੋਂ ਕੁਝ ਲੋਕਾਂ 'ਤੇ ਜ਼ਬਰਦਸਤੀ ਘਰ 'ਚ ਦਾਖਲ ਹੋ ਕੇ ਘਰ ਦੀ ਭੰਨ-ਤੋੜ ਅਤੇ ਪਰਿਵਾਰਕ ਮੈਂਬਰਾਂ ਦੀ ਕੁੱਟ-ਮਾਰ ਕਰਨ ਦੇ ਦੋਸ਼ ਲਾਏ ਗਏ ਹਨ। ਪ੍ਰੈੱਸ ਕਲੱਬ ਵਿਖੇ ਜਾਣਕਾਰੀ ਦਿੰਦਿਆਂ ਗੋਬਿੰਦਰ ਸਿੰਘ ਵਾਸੀ ਟਾਹਲਾ ਸਾਹਿਬ ਨੇ ਦੱਸਿਆ ਕਿ ਉਹ ਆਪਣੇ ਵੱਡੇ ਲੜਕੇ ਪ੍ਰਿਤਪਾਲ ਨਾਲ ਰਹਿੰਦਾ ਹੈ। ਬੀਤੇ ਦਿਨੀਂ ਉਹ ਅਤੇ ਉਸ ਦਾ ਪਰਿਵਾਰ ਘਰ ਵਿਚ ਬੈਠੇ ਸਨ। ਇਸ ਦੌਰਾਨ ਹਥਿਆਰਾਂ ਅਤੇ ਸੋਟੀਆਂ ਨਾਲ ਲੈਸ 20-25 ਵਿਅਕਤੀ ਜ਼ਬਰਦਸਤੀ ਪਿਛਲੇ ਗੇਟ ਰਾਹੀਂ ਉਸ ਦੇ ਘਰ ਦਾਖਲ ਹੋ ਗਏ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਘਰ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੀ ਕੁੱਟ-ਮਾਰ ਕੀਤੀ। ਉਨ੍ਹਾਂ ਨੇ ਜਦੋਂ ਮੁਲਜ਼ਮਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ 'ਤੇ 2 ਫਾਇਰ ਕੀਤੇ ਪਰ ਉਨ੍ਹਾਂ ਦਾ ਬਚਾਅ ਹੋ ਗਿਆ। ਉਕਤ ਗੋਲੀਆਂ ਉਨ੍ਹਾਂ ਦੇ ਮਕਾਨ ਵਿਚ ਵੱਜੀਆਂ। ਇਸ ਤੋਂ ਬਾਅਦ ਘਰ ਦੀਆਂ ਔਰਤਾਂ ਵੱਲੋਂ ਰੌਲਾ ਪਾਉਣ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਦੋਸ਼ੀ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਥਾਣਾ ਮੌੜ ਵਿਖੇ ਮੁਲਜ਼ਮਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।


Related News