ਹਥਿਆਰਾਂ ਨਾਲ ਲੈਸ ਚੋਰਾਂ ਨੇ ਚੌਂਕੀਦਾਰ ਦੀ ਕੀਤੀ ਕੁੱਟ-ਮਾਰ, ਤਸਵੀਰਾਂ cctv ''ਚ ਕੈਦ

06/13/2024 11:48:29 AM

ਤਰਨਤਾਰਨ (ਰਮਨ)- ਸਥਾਨਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਚੋਰਾਂ ਅਤੇ ਲੁਟੇਰਿਆਂ ਵੱਲੋਂ ਲੋਕਾਂ ਅਤੇ ਵਪਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ, ਜਿਸ ਕਰਕੇ ਲੋਕਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ। ਇਸ ਦੀ ਇਕ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਬਾਜ਼ਾਰਾਂ ਵਿਚ ਚੌਕੀਦਾਰ ਵੱਲੋਂ ਦੇਰ ਰਾਤ ਅਵਾਰਾ ਘੁੰਮਦੇ ਨੌਜਵਾਨਾਂ ਦੀ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਪਿਸਤੌਲ ਕੱਢਦੇ ਹੋਏ ਚੌਕੀਦਾਰ ਦੀ ਜਿੱਥੇ ਮਾਰਕੁੱਟ ਕੀਤੀ ਉਥੇ ਉਸਨੂੰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਚੁੱਕੀ ਹੈ ਜਿਸ ਨੂੰ ਕਬਜ਼ੇ ’ਚ ਲੈਂਦੇ ਹੋਏ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮੁਲਜ਼ਮਾਂ ਦੀ ਜਿੱਥੇ ਪਹਿਚਾਣ ਕਰ ਲਈ ਹੈ ਉਥੇ ਹੀ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-ਛਬੀਲ ਪੀਣ ਲਈ ਸੜਕ ਪਾਰ ਕਰ ਰਹੇ ਮੁੰਡੇ ਨਾਲ ਵਾਪਰਿਆ ਭਾਣਾ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਜਾਣਕਾਰੀ ਦਿੰਦੇ ਹੋਏ ਸ਼ਹਿਰ ਵਿਚ ਚੌਂਕੀਦਾਰੀ ਕਰਨ ਵਾਲੇ ਮੁਰਲੀ ਮਿਸ਼ਰਾ ਨੇ ਦੱਸਿਆ ਕਿ ਉਸ ਵੱਲੋਂ ਸਥਾਨਕ ਸ਼ਹਿਰ ਵਿਚ ਬੀਤੇ ਕਈ ਸਾਲਾਂ ਤੋਂ ਦੁਕਾਨਾਂ ਦੀ ਰਾਖੀ ਕਰਨ ਸਬੰਧੀ ਚੌਂਕੀਂਦਾਰੀ ਕੀਤੀ ਜਾ ਰਹੀ ਹੈ। ਜਿਸ ਦੌਰਾਨ ਉਹ ਸਾਰੀ ਰਾਤ ਜਾਗਦਾ ਹੈ ਅਤੇ ਖਾਕੀ ਰੰਗ ਦੀ ਵਰਦੀ ਪਹਿਨ ਕੇ ਰੱਖਦਾ ਹੈ ਤਾਂ ਜੋ ਚੋਰ ਲੁਟੇਰੇ ਉਸਨੂੰ ਪੁਲਸ ਮੁਲਾਜ਼ਮ ਸਮਝਦੇ ਹੋਏ ਡਰਨ।

ਮੁਰਲੀ ਮਿਸ਼ਰਾ ਨੇ ਦੱਸਿਆ ਕਿ ਬੀਤੇ ਸੋਮਵਾਰ ਦੀ ਰਾਤ ਜਦੋਂ ਉਹ ਕਰੀਬ ਇਕ ਵਜੇ ਸਥਾਨਕ ਬੀਬੋ ਸ਼ਾਹ ਮਾਰਕੀਟ ਵਿਚ ਮੌਜੂਦ ਸੀ ਤਾਂ ਤਿੰਨ ਨੌਜਵਾਨ ਮਾਰਕੀਟ ’ਚ ਚੋਰੀ ਕਰਨ ਦੀ ਫਿਰਾਕ ਵਿਚ ਨਜ਼ਰ ਆਏ, ਜਿਨ੍ਹਾਂ ਨੂੰ ਰੋਕਦੇ ਹੋਏ ਉਸਨੇ ਪੁੱਛਗਿੱਛ ਕਰਨ ਦੌਰਾਨ ਜਦੋਂ ਉਨ੍ਹਾਂ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਉਨ੍ਹਾਂ ’ਚੋਂ ਇਕ ਨੇ ਆਪਣੀ ਡੱਬ ’ਚੋਂ ਪਿਸਤੌਲ ਕੱਢਦੇ ਹੋਏ ਉਸ ਉਪਰ ਤਾਣ ਦਿੱਤਾ ਅਤੇ ਉਸਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਹ ਜ਼ਮੀਨ ਉਪਰ ਡਿੱਗ ਪਿਆ ਅਤੇ ਤਿੰਨੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ- ਅਸਮਾਨ ਤੋਂ ਵਰ੍ਹ ਰਹੀ ਅੱਗ ਵਾਂਗ ਲੂ, ਤਾਪਮਾਨ 46 ਡਿਗਰੀ ਤੋਂ ਪਾਰ, ਲੋਕ ਘਰਾਂ ’ਚ ਰਹਿਣ ਲਈ ਹੋਏ ਮਜ਼ਬੂਰ

ਇਹ ਸਾਰੀ ਘਟਨਾ ਦੁਕਾਨ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਇਸ ਵਾਰਦਾਤ ਤੋਂ ਬਾਅਦ ਰੈਡੀਮੇਡ ਗਾਰਮੈਂਟ ਯੂਨੀਅਨ ਦੇ ਪ੍ਰਧਾਨ ਜਿਹੜੇ ਸੁਖਜਿੰਦਰ ਸਿੰਘ, ਅਜੇਪਾਲ ਸਿੰਘ ਸਾਗਰ, ਸੌਰਵ ਕੁਮਾਰ ਸਮੇਤ ਵੱਡੀ ਗਿਣਤੀ ’ਚ ਦੁਕਾਨਦਾਰਾਂ ਨੇ ਡੀ. ਐੱਸ. ਪੀ. ਸਿਟੀ ਤਰਸੇਮ ਮਸੀਹ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਰਾਤ ਸਮੇਂ ਬਾਜ਼ਾਰਾਂ ’ਚ ਪੁਲਸ ਗਸ਼ਤ ਤੇਜ਼ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਡੀ. ਐੱਸ. ਪੀ. ਮਸੀਹ ਨੇ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਸ਼ਵਾਸ ਦਵਾਇਆ ਕਿ ਮੁਲਜ਼ਮਾਂ ਦੀ ਪੁਲਸ ਵੱਲੋਂ ਪਹਿਚਾਣ ਕਰ ਲਈ ਗਈ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News