ਜ਼ਮੀਨੀ ਵਿਵਾਦ ''ਚ ਵੱਡੀ ਵਾਰਦਾਤ, ਘਰ ਅੰਦਰ ਦਾਖਲ ਹੋ ਚਲਾਈਆਂ ਗੋਲ਼ੀਆਂ
Saturday, Jun 22, 2024 - 01:37 PM (IST)
ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਮਨਜੀਤ ਨਗਰ ਇਲਾਕੇ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਘਰ ਵਿਚ ਵੜ ਕੇ ਫਾਇਰਿੰਗ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਥਾਣਾ ਤ੍ਰਿਪੜੀ ਦੀ ਪੁਲਸ ਨੇ ਮਨਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਮਕਾਨ ਨੰਬਰ 225 ਮਨਜੀਤ ਨਗਰ ਭਾਦਸੋਂ ਰੋਡ ਪਟਿਆਲਾ ਦੀ ਸ਼ਿਕਾਇਤ ’ਤੇ ਕਰਨ ਪੁੱਤਰ ਹਰਦੀਪਕ ਸਿੰਘ ਵਾਸੀ ਜੈਤੋਂ, ਗੁਰਜੇਪਾਲ ਪੁੱਤਰ ਬਿਕਰਮ ਸਿੰਘ ਵਾਸੀ ਭਗਤੂਆਣਾ, ਸੁਖਬੀਰ ਸਿੰਘ ਪੁੱਤਰ ਪੀਟਰ ਵਾਸੀ ਬੀੜ ਬਹਿਮਣ ਜ਼ਿਲ੍ਹਾ ਬਠਿੰਡਾ, ਗੁਰਤੇਜ ਭੱਟੀ ਵਾਸੀ ਬਠਿੰਡਾ ਅਤੇ 4 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ 307, 458, 336, 506, 148, 149 ਆਈ. ਪੀ. ਸੀ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਮਨਪ੍ਰੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਉੱਠ ਕੇ ਦੇਖਿਆ ਕਿ ਕਰਨ, ਗੁਰਜੇਪਾਲ, ਸੁਖਬੀਰ ਸਿੰਘ ਅਤੇ ਗੁਰਤੇਜ ਭੱਟੀ, ਉਨ੍ਹਾਂ ਦੇ ਘਰ ਦੇ ਵਿਹੜੇ ’ਚ ਖੜ੍ਹੇ ਸਨ, ਜਿਨ੍ਹਾਂ ਦੇ ਹੱਥਾਂ ’ਚ ਪਿਸਟਲ ਫੜੇ ਹੋਏ ਸਨ। ਉਹ ਗੇਟ ਟੱਪ ਕੇ ਅੰਦਰ ਆ ਗਏ ਤਾਂ ਉਸ ਨਾਲ ਗਾਲੀ-ਗਲੋਚ ਕਰਨ ਲੱਗ ਪਏ ਅਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕਰਨ ਨੇ ਆਪਣੇ ਹੱਥ ’ਚ ਫੜੇ ਪਿਸਟਲ ਦਾ ਬੱਟ ਉਸ ਦੇ ਮੂੰਹ ’ਤੇ ਮਾਰਿਆ। ਜਦੋਂ ਉਸ ਦੀ ਪਤਨੀ ਛੁਡਾਉਣ ਲੱਗੀ ਤਾਂ ਉਸ ਦੇ ਕੰਨ ’ਤੇ ਪਿਸਟਲ ਲਗਾ ਕੇ ਲੜਕਿਆਂ ਨੂੰ ਬਾਹਰ ਬੁਲਾਉਣ ਲਈ ਕਿਹਾ।
ਇਸ ਤੋਂ ਬਾਅਦ ਜਦੋਂ ਉਸ ਦਾ ਲੜਕਾ ਤੇਗਬੀਰ ਆਪਣੇ ਕਮਰੇ ਤੋਂ ਬਾਹਰ ਆਇਆ ਤਾਂ ਬਾਹਰ ਖੜ੍ਹੇ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਕਰਨ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੇ ਹੱਥ ’ਚ ਫੜੀ ਪਿਸਟਲ ਦਾ ਫਾਇਰ ਸ਼ਿਕਾਇਤਕਰਤਾ ਵੱਲ ਕੀਤਾ ਤਾਂ ਉਹ ਇਕ ਪਾਸੇ ਹੋ ਗਿਆ ਤੇ ਫਾਇਰ ਮੁਦਈ ਦੀ ਪਤਨੀ ਵੱਲੋਂ ਚੁੱਕੀ ਹੋਈ ਪੋਤੀ ਦੇ ਕੰਨ ਕੋਲ ਦੀ ਲੰਘ ਗਿਆ। ਇਸ ਤੋਂ ਬਾਅਦ 2 ਗੱਡੀਆਂ ’ਤੇ ਸਵਾਰ ਹੋ ਕੇ ਆਏ ਵਿਅਕਤੀਆਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਘਰ ਅੰਦਰ ਦਾਖਲ ਹੋ ਕੇ ਫਾਇਰਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਸ ਝਗੜੇ ਦਾ ਕਾਰਨ ਜ਼ਮੀਨੀ ਵਿਵਾਦ ਹੈ। ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।