ਬਜ਼ੁਰਗ ਵਿਅਕਤੀ ਨੇ ਪਿੰਡ ਦੇ ਬੰਦਿਆਂ ''ਤੇ ਲਾਇਆ ਮਾਲਕੀ ਵਾਲੀ ਜ਼ਮੀਨ ''ਤੇ ਕਬਜ਼ਾ ਕਰਨ ਦਾ ਦੋਸ਼
Monday, Jun 17, 2024 - 04:16 PM (IST)
ਜਲਾਲਾਬਾਦ (ਆਦਰਸ਼, ਜਤਿੰਦਰ) : ਪਿੰਡ ਛਾਂਗਾ ਰਾਏ ਉਤਾੜ ਦੇ ਇੱਕ ਬਜ਼ੁਰਗ ਵਿਅਕਤੀ ਨੇ ਆਪਣੇ ਪਿੰਡ ਦੇ ਕੁੱਝ ਵਿਅਕਤੀਆਂ ’ਤੇ ਉਸ ਦੀ ਮਾਲਕੀ ਅਤੇ ਕਬਜ਼ੇ ਵਾਲੀ 15 ਮਰਲੇ ਜ਼ਮੀਨ ’ਤੇ ਜ਼ਬਰਦਸਤੀ ਕਬਜ਼ਾ ਕਰਨ ਦੇ ਕਥਿਤ ਦੋਸ਼ ਲਗਾਏ ਹਨ। ਪੀੜਤ ਫ਼ੌਜਾ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਛਾਂਗਾ ਰਾਏ ਉਤਾੜ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ ਹਲਫੀਆ ਸਣੇ ਪੁਲਸ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਲਿਖ਼ਤੀ ਸ਼ਿਕਾਇਤ ’ਚ ਦੱਸਿਆ ਕਿ ਮੇਰੀ ਮਾਲਕੀ ਜ਼ਮੀਨ ਰਕਬਾ ਪਿੰਡ ਛਾਂਗਾ ਰਾਏ 'ਚ ਮੌਜੂਦ ਹੈ।
ਪੀੜਤ ਬਜ਼ੁਰਗ ਨੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰੀ ਜ਼ਮੀਨ 1 ਕਨਾਲ 10 ਮਰਲੇ ਮੁਰੱਬਾ ਨੰਬਰ-23 ਕਿੱਲਾ ਨੰਬਰ 11/1(1-10 ) ਖਤੋਨੀ 1041 ਵਾਕਿਆ ਰਕਬਾ ਛਾਂਗਾ ਰਾਏ ਉਤਾੜ ਵਿਖੇ ਸਥਿਤ ਹੈ। ਬੀਤੀ 14 ਮਈ ਦੀ ਰਾਤ ਨੂੰ 12 ਵਜੇ ਤੋਂ ਬਾਅਦ ਗੁਰਮੇਜ ਸਿੰਘ ਵਗੈਰਾ ਵੱਲੋਂ ਮੇਰੀ ਮਾਲਕੀ ਜ਼ਮੀਨ 15 ਮਰਲੇ ’ਚ ਧੱਕੇ ਨਾਲ ਮਿੱਟੀ ਪਾ ਕੇ ਕਬਜ਼ਾ ਕਰ ਲਿਆ ਗਿਆ। ਜਦੋਂ ਮੈਂ ਖੇਤ ਗਿਆ ਤਾਂ ਦੇਖਿਆ ਕਿ ਉਪਰੋਕਤ ਵਿਅਕਤੀ ਜ਼ਮੀਨ 'ਤੇ ਮਿੱਟੀ ਪਾ ਰਹੇ ਸਨ। ਪੀੜਤ ਨੇ ਕਿਹਾ ਕਿ ਜਦੋਂ ਮੇਰੇ ਵੱਲੋਂ ਅਜਿਹਾ ਕਰਨ ਬਾਰੇ ਪੁੱਛਿਆ ਤਾਂ ਉਕਤ ਵਿਅਕਤੀ ਮੇਰੇ ਗਲੇ ਪੈ ਗਏ ਅਤੇ ਮੈਨੂੰ ਧਮਕੀਆਂ ਦਿੱਤੀਆਂ।
ਪੀੜਤ ਨੇ ਕਿਹਾ ਕਿ ਜਿਸ ਤੋਂ ਬਾਅਦ ਮੇਰੇ ਵੱਲੋਂ ਕਾਨੂੰਨੀ ਕਾਰਵਾਈ ਦੀ ਮੰਗ ਲਈ ਸਬੰਧਿਤ ਥਾਣਾ ਗੁਰੂਹਰਸਹਾਏ ਦੀ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਅਜਿਹਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੋਈ ਵੀ ਕਾਰਵਾਈ ਅਮਲ ‘ਚ ਨਹੀ ਲਿਆਂਦੀ ਗਈ। ਪੀੜਤ ਬਜ਼ੁਰਗ ਫ਼ੌਜਾ ਸਿੰਘ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਮੇਰੀ ਮਾਲਕੀ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇਨਸਾਫ਼ ਦੁਆਇਆ ਜਾਵੇ।