ਨਸ਼ੇ ''ਚ ਟੱਲੀ JCB ਚਾਲਕ ਨੇ ਟੋਲ ਪਲਾਜ਼ਾ ''ਤੇ ਕੀਤੀ ਭੰਨ-ਤੋੜ, ਟੋਲ ਕਰਮੀਆਂ ਨੇ ਦੌੜ ਕੇ ਬਚਾਈ ਜਾਨ

06/11/2024 5:14:15 PM

ਹਾਪੁੜ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਥਾਣਾ ਪਿਲਖੁਵਾ ਖੇਤਰ 'ਚ ਮੰਗਲਵਾਰ ਸਵੇਰੇ ਛਿਜਾਰਸੀ ਟੋਲ ਪਲਾਜ਼ਾ 'ਤੇ ਟੋਲ ਕਰਮੀ ਵਲੋਂ ਟੋਲ ਮੰਗਣ ਤੋਂ ਗੁੱਸੇ ਨਸ਼ੇ 'ਚ ਟੱਲੀ ਜੇ.ਸੀ.ਬੀ. ਚਾਲਕ ਨੇ ਭੰਨ-ਤੋੜ ਕੀਤੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬਦਾਯੂੰ ਵਾਸੀ ਦੋਸ਼ੀ ਧੀਰਜ ਪਿਲਖੁਵਾ ਇੱਟ ਭੱਠੇ 'ਤੇ ਕੰਮ ਕਰਦਾ ਸੀ ਅਤੇ ਜੇ.ਸੀ.ਬੀ. ਲੈ ਕੇ ਛਿਜਾਰਸੀ ਟੋਲ ਪਲਾਜ਼ਾ 'ਤੇ ਹਾਪੁੜ ਵਲੋਂ ਆਇਆ ਸੀ, ਉਦੋਂ ਟੋਲ ਕਰਮੀ ਨੇ ਉਸ ਨੂੰ ਟੋਲ ਦੇਣ ਦੀ ਮੰਗ ਕੀਤੀ। ਪੁਲਸ ਅਨੁਸਾਰ ਟੋਲ ਮੰਗਣ ਤੋਂ ਗੁੱਸੇ ਚਾਲਕ ਨੇ ਟੋਲ ਪਲਾਜ਼ਾ ਦੇ ਕੈਬਿਨ 'ਤੇ ਜੇ.ਸੀ.ਬੀ. ਬੁਲਡੋਜ਼ਰ ਨਾਲ ਭੰਨ-ਤੋੜ ਸ਼ੁਰੂ ਕਰ ਦਿੱਤੀ ਅਤੇ ਦੇਖਦੇ ਹੀ ਦੇਖਦੇ 2 ਕੈਬਿਨ ਨਸ਼ਟ ਕਰ ਦਿੱਤੇ। ਘਟਨਾ ਤੋਂ ਬਾਅਦ ਟੋਲ ਕਰਮੀਆਂ ਨੇ ਦੌੜ ਕੇ ਆਪਣੀ ਜਾਨ ਬਚਾਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ। ਇਸ ਦੇ ਤੁਰੰਤ ਬਾਅਦ ਚਾਲਕ ਜੇ.ਸੀ.ਬੀ. ਲੈ ਕੇ ਮੌਕੇ 'ਤੇ ਦੌੜ ਗਿਆ, ਹਾਲਾਂਕਿ ਬਾਅਦ 'ਚ ਸੂਚਨਾ ਮਿਲਦੇ ਮੌਕੇ 'ਤੇ ਪਹੁੰਚੀ ਪੁਲਸ ਨੇ ਸੀ.ਸੀ.ਟੀ.ਵੀ. ਦੇ ਆਧਾਰ 'ਤੇ ਜੇ.ਸੀ.ਬੀ. ਦੀ ਭਾਲ ਸ਼ੁਰੂ ਕੀਤੀ ਅਤੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਸ ਸੁਪਰਡੈਂਟ ਅਭਿਸ਼ੇਕ ਵਰਮਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਪੁਲਸ ਨੂੰ ਇਕ ਵੀਡੀਓ ਪ੍ਰਾਪਤ ਹੋਇਆ, ਜਿਸ 'ਚ ਦੇਖਿਆ ਗਿਆ ਕਿ ਜੇ.ਸੀ.ਬੀ. ਚਾਲਕ ਬੇਕਾਬੂ ਹੋ ਕੇ ਪਿਲਖੁਵਾ ਟੋਲ 'ਤੇ ਭੰਨ-ਤੋੜ ਕਰ ਰਿਹਾ ਹੈ ਅਤੇ ਟੋਲ ਕਰਮੀਆਂ ਨੂੰ ਸੱਟ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵੀਡੀਓ 'ਤੇ ਤੁਰੰਤ ਨੋਟਿਸ ਲੈਂਦੇ ਹੋਏ ਪੁਲਸ ਵਲੋਂ ਜੇ.ਸੀ.ਬੀ. ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੀ ਜੇ.ਸੀ.ਬੀ. ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਅਧਿਕਾਰੀ ਅਨੁਸਾਰ ਦੋਸ਼ੀ ਧੀਰਜ ਘਟਨਾ ਦੇ ਸਮੇਂ ਨਸ਼ੇ 'ਚ ਟੱਲੀ ਸੀ। ਐੱਸ.ਪੀ. ਅਨੁਸਾਰ ਜੇ.ਸੀ.ਬੀ. ਚਾਲਕ 'ਤੇ ਥਾਣਾ ਪਿਲਖੁਵਾ 'ਚ ਸ਼ਿਕਾਇਤ ਰਜਿਸਟਰਡ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਜੇ.ਸੀ.ਬੀ. ਚਾਲਕ ਦੌੜ ਰਿਹਾ ਸੀ ਤਾਂ ਉਸ ਨੇ ਹੋਰ ਲੋਕਾਂ ਨੂੰ ਸੱਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਸੰਬੰਧ 'ਚ ਵੀ ਇਕ ਮਾਮਲਾ ਦਰਜ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News