ਦਰਗਾਹ ਦੀ ਗੋਲਕ ਭੰਨ ਕੇ ਪੈਸੇ ਚੋਰੀ ਕਰਨ ਵਾਲਾ ਕਾਬੂ

05/29/2024 6:14:00 PM

ਮੋਗਾ (ਆਜ਼ਾਦ) : ਮੋਗਾ ਪੁਲਸ ਨੇ ਪਿੰਡ ਲੁਹਾਰਾ ’ਚ ਸਥਿਤ ਬਾਬਾ ਦਾਮੂਸ਼ਾਹ ਦੀ ਦਰਗਾਹ ’ਚ ਪਏ ਗੋਲਕ ਨੂੰ ਤੋੜ ਕੇ ਉਸ ਵਿਚੋਂ ਪੈਸੇ ਕੱਢਣ ਵਾਲੇ ਕਥਿਤ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਟ ਈਸੇ ਖਾਂ ਦੇ ਮੁੱਖ ਅਫਸਰ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਦਾਮੂਸ਼ਾਹ ਦਰਗਾਹ ਦੇ ਕਮੇਟੀ ਮੈਂਬਰ ਸੁਖਬੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬੀਤੀ 28 ਮਈ ਦੀ ਸ਼ਾਮ ਨੂੰ ਜਦੋਂ ਉਹ ਆਪਣੇ ਸਾਥੀਆਂ ਸਮੇਤ ਦਫਤਰ ਵਿਚ ਬੈਠਾ ਹੋਇਆ ਸੀ ਤਾਂ ਉਨ੍ਹਾਂ ਨੂੰ ਬਾਬਾ ਦਾਮੂਸ਼ਾਹ ਦੀ ਮੇਨ ਜਗ੍ਹਾ ਵਿਚੋਂ ਉਚੀ ਖੜਕਾ ਸੁਣਿਆ ਜਦੋਂ ਉਹ ਸਾਥੀਆਂ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਉਥੇ ਆਇਆ ਤਾਂ ਦੇਖਿਆ ਗਿਆ ਦਰਗਾਹ ਅੰਦਰ ਪਈ ਗੋਲਕ ਦਾ ਸ਼ੀਸ਼ਾ ਤੋੜ ਕੇ ਇਕ ਨੌਜਵਾਨ ਪੈਸਿਆਂ ਦੀ ਚੋਰੀ ਕਰਕੇ ਭੱਜ ਗਿਆ, ਜਿਸ ਨੂੰ ਅਸੀਂ ਪਛਾਣ ਲਿਆ ਕਿਉਂਕਿ ਅਕਸਰ ਹੀ ਉਹ ਦਰਗਾਹ ’ਤੇ ਮੱਥਾ ਟੇਕਣ ਲਈ ਆਉਂਦਾ ਸੀ, ਪਹਿਲਾਂ ਵੀ ਉਸ ਨੇ ਕਬਾੜ ਦੇ ਸਾਮਾਨ ਦੀ ਚੋਰੀ ਕੀਤੀ ਸੀ। ਉਸ ਸਮੇਂ ਸਾਮਾਨ ਜ਼ਿਆਦਾ ਕੀਮਤੀ ਨਾ ਹੋਣ ਕਰਕੇ ਕਮੇਟੀ ਮੈਂਬਰਾਂ ਨੇ ਉਸ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਸੀ। ਉਕਤ ਘਟਨਾ ਦੀ ਜਾਣਕਾਰੀ ਅਸੀਂ ਥਾਣਾ ਕੋਟ ਈਸੇ ਖਾਂ ਨੂੰ ਦਿੱਤੀ।

ਥਾਣਾ ਮੁਖੀ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਥਿਤ ਮੁਲਜ਼ਮ ਜਸਵੀਰ ਸਿੰਘ ਨਿਵਾਸੀ ਪਿੰਡ ਸੰਘੇੜਾ ਨੂੰ ਕਾਬੂ ਕਰ ਕੇ ਉਸ ਕੋਲੋਂ ਗੋਲਕ ਵਿਚੋਂ ਚੋਰੀ ਕੀਤੇ ਗਏ 1500 ਰੁਪਏ ਨਕਦ ਬਰਾਮਦ ਕਰ ਲਏ, ਜਿਸਨੂੰ ਅੱਜ ਉਕਤ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਵੱਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਆਦੇਸ਼ ਦਿੱਤਾ।


Gurminder Singh

Content Editor

Related News