ਅਕਾਲੀ ਸਰਪੰਚ ਤੇ ਉਸ ਦੇ ਪਰਿਵਾਰ ''ਤੇ ਪੁਲਸ ਨੇ ਕੀਤਾ ਮਾਮਲਾ ਦਰਜ

03/06/2018 5:23:03 AM

ਲੁਧਿਆਣਾ(ਅਨਿਲ)-ਥਾਣਾ ਮੇਹਰਬਾਨ ਦੀ ਪੁਲਸ ਨੇ ਅੱਜ ਪਿੰਡ ਢੋਲਣਵਾਲ ਦੇ ਅਕਾਲੀ ਸਰਪੰਚ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ 'ਤੇ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਅਤੇ ਸਾਮਾਨ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮੱਤੇਵਾੜਾ ਚੌਕੀ ਦੇ ਹੌਲਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਸਲੇਮਪੁਰ ਦੇ ਰਹਿਣ ਵਾਲੇ ਸਿੰਦਰਪਾਲ ਪੁੱਤਰ ਵਰਿਆਮ ਰਾਮ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਿੰਡ ਸਲੇਮਪੁਰ ਦੀ ਪੰਚਾਇਤੀ ਜ਼ਮੀਨ ਨੂੰ 19 ਜੁਲਾਈ 2017 ਨੂੰ ਬੋਲੀ 'ਤੇ ਖੇਤੀ ਕਰਨ ਲਈ ਲਿਆ ਸੀ ਅਤੇ ਇਸ ਜ਼ਮੀਨ 'ਚ ਉਸ ਨੇ ਕਣਕ ਬੀਜੀ ਸੀ ਪਰ ਪਿੰਡ ਢੋਲਣਵਾਲ ਦੇ ਸਰਪੰਚ ਦਾ ਵੱਡਾ ਭਰਾ ਮੁਖਤਿਆਰ ਸਿੰਘ ਉਸ ਨੂੰ ਜ਼ਮੀਨ 'ਚ ਜਾਣ ਤੋਂ ਰੋਕਦਾ ਸੀ, ਜਿਸ ਸਬੰਧੀ ਪਹਿਲਾਂ ਵੀ ਕਈ ਵਾਰ ਇਸ ਜ਼ਮੀਨ ਸਬੰਧੀ ਲੜਾਈ ਝਗੜਾ ਹੋ ਚੁੱਕਿਆ ਸੀ ਅਤੇ ਉਸੇ ਕਾਰਨ ਸਰਪੰਚ ਦੇ ਭਰਾ, ਸਰਪੰਚ ਸੋਹਨ ਸਿੰਘ ਢੋਲਣਵਾਲ, ਰਣਜੀਤ ਕੌਰ, ਸੋਨੂੰ ਕੌਰ, ਗੁਰਜੰਟ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਅਮਰੀਕ ਸਿੰਘ, ਸੁਰਿੰਦਰ ਸਿੰਘ ਵਾਸੀ ਪਿੰਡ ਢੋਲਣਵਾਲ ਅਤੇ ਲਖਵਿੰਦਰ ਸਿੰਘ ਵਾਸੀ ਕਾਕੋਵਾਲ ਨੇ ਉਕਤ ਜ਼ਮੀਨ 'ਤੇ ਕਬਜ਼ਾ ਕਰਨ ਦੇ ਕਾਰਨ ਖੇਤਾਂ 'ਚ ਬਣੇ ਕਮਰੇ ਦਾ ਤਾਲਾ ਤੋੜ ਕੇ ਖੇਤੀ ਦਾ ਸਾਮਾਨ, ਕਮਰੇ ਦਾ ਗੇਟ ਚੋਰੀ ਕਰ ਲਿਆ ਅਤੇ ਜ਼ਮੀਨ 'ਤੇ ਆਪਣਾ ਕਬਜ਼ਾ ਜਤਾਉਣ ਲਈ ਉਥੇ ਲੱਗਿਆ ਪੂਰਾ ਸ਼ਟਰ ਤੋੜ ਕੇ ਨਵਾਂ ਸ਼ਟਰ ਲਾ ਦਿੱਤਾ ਅਤੇ ਉਥੇ ਪਏ ਪੰਚਾਇਤ ਦੇ 20 ਪੋਲ ਅਤੇ 2 ਕੁਇੰਟਲ ਕੰਡਿਆਲੀ ਤਾਰ ਨੂੰ ਚੋਰੀ ਕਰ ਕੇ ਲੈ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਉਕਤ ਸਾਰੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਦੋਂਕਿ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News