ਨਸ਼ੇੜੀ ਨੇ ਇੱਟ ਮਾਰ ਕੇ ਚਾਚੇ ਨੂੰ ਕੀਤਾ ਜ਼ਖਮੀ, ਦੋ ਖ਼ਿਲਾਫ਼ ਮਾਮਲਾ ਦਰਜ
Thursday, Dec 25, 2025 - 12:40 PM (IST)
ਗੁਰੂਹਰਸਹਾਏ (ਸਿਕਰੀ) : ਗੁਰੂਹਰਸਹਾਏ ਦੇ ਅਧੀਨ ਪਿੰਡ ਸ਼ਰੀਂਹਵਾਲਾ ਬਰਾੜ ਵਿਖੇ ਨਸ਼ੇੜੀ ਵਲੋਂ ਆਪਣੇ ਹੀ ਚਾਚੇ ਦੇ ਸਿਰ 'ਚ ਇੱਟ ਮਾਰ ਕਰਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਇਕ ਔਰਤ ਸਮੇਤ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਜਸਵਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਸ਼ਰੀਂਹਵਾਲਾ ਬਰਾੜ ਨੇ ਦੱਸਿਆ ਕਿ ਉਸ ਦੇ ਭਰਾ ਸੁਖਵਿੰਦਰ ਸਿੰਘ ਦਾ ਘਰ ਉਸ ਦੇ ਘਰ ਦੇ ਨਾਲ ਹੀ ਹੈ ਅਤੇ ਉਸ ਦੇ ਭਰਾ ਦਾ ਪੁੱਤਰ ਦਵਿੰਦਰ ਸਿੰਘ ਨਸ਼ੇ ਅਤੇ ਚੋਰੀ ਕਰਨ ਦਾ ਆਦੀ ਹੈ। ਉਹ ਘਰ ਦਾ ਸਮਾਨ ਵੇਚ ਰਿਹਾ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੁਖਵਿੰਦਰ ਸਿੰਘ ਆਪਣਾ ਘਰ ਛੱਡ ਕੇ ਉਸ ਦੇ ਘਰ ਹੀ ਰਹਿੰਦਾ ਹੈ।
ਜਦੋਂ ਉਹ ਕਿਤੇ ਜਾਂਦੇ ਸੀ ਤਾਂ ਆਪਣੇ ਘਰ ਦੀ ਚਾਬੀ ਉਸ ਨੂੰ ਫੜ੍ਹਾ ਕੇ ਜਾਂਦੇ ਸੀ। ਜਸਵਿੰਦਰ ਸਿੰਘ ਨੇ ਦੱਸਿਆ ਕਿ ਮਿਤੀ 23 ਨਵੰਬਰ 2025 ਨੂੰ ਦੋਸ਼ੀਅਨ ਘਰ ਮੌਜੂਦ ਹੀ ਸੀ ਤਾਂ ਉਹ ਉਨ੍ਹਾਂ ਦੇ ਘਰ ਦੇ ਗੇਟ ਕੋਲ ਗਿਆ ਤੇ ਕਿਹਾ ਕਿ ਅੱਜ ਚਾਬੀ ਨਹੀਂ ਫੜ੍ਹਾਈ ਤੇ ਆਪਣੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਗੁਰਮੀਤ ਕੌਰ ਨੇ ਲਲਕਾਰਾ ਮਾਰਿਆ ਕਿ ਫੜ੍ਹ ਲਓ ਇਸ ਨੂੰ, ਸਾਡੇ ਘਰ ’ਤੇ ਨਿਗਰਾਨੀ ਰੱਖਣ ਦਾ ਮਜ਼ਾ ਚਖਾ ਦਿਓ ਤਾਂ ਦੋਸ਼ੀ ਦਵਿੰਦਰ ਸਿੰਘ ਨੇ ਉਸ ਦੇ ਸਿਰ ਵਿਚ ਇੱਟ ਮਾਰੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਖੁਸ਼ੀਆ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
