ਪਤਨੀ ਦੇ ਨਾਜਾਇਜ਼ ਸਬੰਧਾਂ ਕਾਰਨ ਪਤੀ ਦੀ ਕੀਤੀ ਕੁੱਟਮਾਰ-ਔਰਤ ਸਮੇਤ 3 ਨਾਮਜ਼ਦ
Tuesday, Mar 06, 2018 - 04:06 AM (IST)
ਸੰਗਤ ਮੰਡੀ(ਮਨਜੀਤ)-ਨਰ ਸਿੰਘ ਕਾਲੋਨੀ 'ਚ ਔਰਤ ਦੇ ਗਆਂਢੀ ਦੇ ਲੜਕੇ ਨਾਲ ਨਾਜਾਇਜ਼ ਸਬੰਧਾਂ ਕਾਰਨ ਲੜਕੇ ਦੀ ਮਾਂ ਵੱਲੋਂ ਦੋ ਹੋਰ ਵਿਅਕਤੀਆਂ ਨਾਲ ਮਿਲ ਕੇ ਪਤੀ ਦੀ ਕੁੱਟਮਾਰ ਕੀਤੀ। ਸੱਟਾਂ ਮਾਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਲਬਾਗ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਬਲਵਿੰਦਰ ਕੌਰ ਦੇ ਲੜਕੇ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ। ਇਸੇ ਕਾਰਨ ਉਸ ਦੇ ਘਰ 'ਚ ਉਸ ਦੀ ਪਤਨੀ ਨਾਲ ਝਗੜਾ ਰਹਿਣ ਲੱਗ ਪਿਆ। ਉਸ ਦੀ ਪਤਨੀ ਦਿਲਬਾਗ ਨਾਲ ਲੜ ਕੇ ਆਪਣੇ ਪੇਕੇ ਚਲੀ ਗਈ। ਦਿਲਬਾਗ ਸਿੰਘ ਨਾਲ ਇਸੇ ਗੱਲ ਨੂੰ ਲੈ ਕੇ ਬਲਵਿੰਦਰ ਕੌਰ ਰੰਜਿਸ਼ ਰੱਖਣ ਲੱਗ ਪਈ। ਉਸ ਨੇ ਬੀਤੇ ਦਿਨੀਂ ਦੋ ਹੋਰ ਵਿਅਕਤੀਆਂ ਨਾਲ ਮਿਲ ਕੇ ਉਸ ਦੀ ਕੁੱਟ-ਮਾਰ ਕੇ ਸੱਟਾਂ ਮਾਰ ਦਿੱਤੀਆਂ। ਪੁਲਸ ਵੱਲੋਂ ਮੁਦਈ ਦੇ ਬਿਆਨਾਂ 'ਤੇ ਬਲਵਿੰਦਰ ਕੌਰ ਪਤਨੀ ਜਸਵੀਰ ਸਿੰਘ, ਗੋਰਾ ਸਿੰਘ ਪੁੱਤਰ ਬਲਦੇਵ ਸਿੰਘ ਤੇ ਨੀਟਾ ਸਿੰਘ ਵਾਸੀਆਨ ਨਰ ਸਿੰਘ ਕਾਲੋਨੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ 'ਚ ਪੁਲਸ ਵੱਲੋਂ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
