ਸੜਕ ਵਿਚਕਾਰ ਥਾਰ ਸਵਾਰ ਨੌਜਵਾਨਾਂ ਨੇ ਕੁੜੀ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
Friday, Dec 26, 2025 - 10:54 AM (IST)
ਚੰਡੀਗੜ੍ਹ (ਸੁਸ਼ੀਲ) : ਥਾਰ ਸਵਾਰ ਦੋ ਨੌਜਵਾਨਾਂ ਨੇ ਸੜਕ ਵਿਚਕਾਰ ਕੁੜੀ ਨਾਲ ਕੁੱਟਮਾਰ ਕੀਤੀ। ਪਹਿਲਾਂ ਦੋ ਕੁੜੀਆਂ ਲੜ ਰਹੀਆਂ ਸਨ। ਫਿਰ ਇਕ ਕੁੜੀ ਦਾ ਦੋਸਤ ਅਤੇ ਥਾਰ ਸਵਾਰ ਨੌਜਵਾਨ ਆਇਆ ਤੇ ਦੂਜੀ ਕੁੜੀ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਵੀਡੀਓ ’ਚ ਨੌਜਵਾਨ ਕੁੜੀ ਨੂੰ ਥੱਪੜ ਮਾਰਦਾ ਅਤੇ ਦੂਜਾ ਨੌਜਵਾਨ ਉਸ ਨੂੰ ਕਾਰ ਤੋਂ ਘਸੀਟਦਾ ਦਿਖ ਰਿਹਾ ਹੈ। ਥਾਰ ਸਵਾਰ ਨੌਜਵਾਨ ਪਹਿਲਾਂ ਕਾਰ ਤੋਂ ਬਾਹਰ ਨਿਕਲਿਆ ਤੇ ਕੁੜੀ ਨੂੰ ਕਈ ਵਾਰ ਥੱਪੜ ਮਾਰੇ। ਦੋਹਾਂ ’ਚ ਗਾਲੀ-ਗਲੋਚ ਤੇ ਫਿਰ ਹੱਥੋਪਾਈ ਹੋਈ। ਕਾਰ ਸਵਾਰ ਮੁੰਡਾ-ਕੁੜੀ ਨਸ਼ੇ ਦੀ ਹਾਲਤ ’ਚ ਦਿਖਾਈ ਦੇ ਰਹੇ ਹਨ। ਇਸ ਦੌਰਾਨ ਰਾਹਗੀਰ ਲੜਾਈ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਵੀਡੀਓ ਬਣਾਉਂਦੇ ਰਹੇ।
ਵੀਡੀਓ ’ਚ ਲਾਲ ਕਮੀਜ਼ਾਂ ਵਾਲੀਆਂ ਦੋ ਕੁੜੀਆਂ ਇਕ-ਦੂਜੇ ਨਾਲ ਲੜਦੀਆਂ ਦਿਖਾਈ ਦੇ ਰਹੀਆਂ ਹਨ। ਉਹ ਸੜਕ ਵਿਚਾਲੇ ਇਕ-ਦੂਜੇ ਨੂੰ ਗਾਲ੍ਹਾਂ ਕੱਢ ਰਹੀਆਂ ਅਤੇ ਲੜ ਰਹੀਆਂ ਸਨ। ਇਸ ਦੌਰਾਨ ਕਾਲੀ ਥਾਰ ਆਈ, ਜਿਸ ’ਚੋਂ ਦੋ ਨੌਜਵਾਨ ਨਿਕਲੇ। ਇਕ ਨੌਜਵਾਨ ਨੇ ਕਾਲੀ ਬਣੀਆਨ, ਜਦੋਂਕਿ ਦੂਜੇ ਨੇ ਕਾਲੀ ਅੱਧੀ ਬਾਹਾਂ ਵਾਲੀ ਕਮੀਜ਼ ਪਾਈ ਹੋਈ ਸੀ। ਬਣੀਆਨ ਪਹਿਨੇ ਨੌਜਵਾਨ ਨੇ ਇਕ ਕੁੜੀ ਨੂੰ ਫੜ੍ਹਿਆ ਸੀ। ਇਸ ਦੌਰਾਨ ਇਕ ਕੁੜੀ ਥਾਰ ਵੱਲ ਭੱਜਣ ਲੱਗੀ ਪਰ ਬਣੀਆਨ ਪਹਿਨੇ ਹੋਏ ਨੌਜਵਾਨ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਕਾਰਨ ਉਹ ਡਿੱਗ ਪਈ। ਕੁੜੀ ਉੱਠੀ ਤੇ ਥਾਰ ਵੱਲ ਭੱਜਦੇ ਨੌਜਵਾਨ ਨੂੰ ਫੜ੍ਹ ਲਿਆ। ਉਹ ਲੜਦੀ ਅਤੇ ਨੌਜਵਾਨਾਂ ਨੂੰ ਗਾਲ੍ਹਾਂ ਕੱਢਦੀ ਦਿਖਾਈ ਦੇ ਰਹੀ ਹੈ। ਫਿਰ ਚਿੱਟੀ ਜੈਕੇਟ ਪਹਿਨੇ ਇੱਕ ਨੌਜਵਾਨ ਦਖ਼ਲ ਦਿੰਦਾ ਦਿਖਾਈ ਦਿੰਦਾ ਹੈ।
ਥਾਰ ਵਿਚ ਬੈਠੇ ਨੌਜਵਾਨ ਨੇ ਕੁੜੀ ਨੂੰ ਕਿਹਾ ਕਿ ਉਹ ਉਸਦੀ ਜ਼ਿੰਦਗੀ ਬਰਬਾਦ ਕਰ ਦੇਵੇਗਾ ਅਤੇ ਉਸਨੂੰ ਗਾਲ੍ਹਾਂ ਕੱਢਣ ਲੱਗ ਪਿਆ। ਕੁੜੀ ਵੀ ਗੁੱਸੇ ਵਿਚ ਗਾਲ੍ਹ ਕੱਢਦੀ ਬੋਲੀ, ‘ਤੇਰੀ ਹਿੰਮਤ ਕਿਵੇਂ ਹੋਈ ਮੇਰੀ ਭੈਣ ਨੂੰ ਛੂਹਣ ਦੀ? ਮੈਂ ਤੈਨੂੰ ਨਹੀਂ ਬਖਸ਼ਾਂਗੀ।’ ਇਸ ਤੋਂ ਬਾਅਦ ਮੁਲਜ਼ਮ ਨੌਜਵਾਨ ਡਰਾਈਵਰ ਸੀਟ ’ਤੇ ਬੈਠ ਗਿਆ ਅਤੇ ਗੱਡੀ ਸਟਾਰਟ ਕੀਤੀ। ਡਰਾਈਵਰ ਨੇ ਤੇਜ਼ ਰਫ਼ਤਾਰ ਨਾਲ ਗੱਡੀ ਅੱਗੇ ਕੀਤੀ, ਕੁੜੀ ਕੁੱਝ ਦੂਰੀ ਤੱਕ ਘਸੀਟਦੀ ਦਿਖਾਈ ਦੇ ਰਹੀ ਹੈ। ਫਿਰ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ। ਚੰਡੀਗੜ੍ਹ ਵਿਚ ਹੋਏ ਕੁੱਟਮਾਰ ਵਾਲੇ ਮਾਮਲੇ ਵਿਚ ਪੁਲਸ ਨੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਮਾਮਲਾ ਕਿੱਥੋਂ ਦਾ ਹੈ ਤੇ ਦੋਵਾਂ ਵਿਚਕਾਰ ਕਿਸ ਗੱਲ ਤੋਂ ਝਗੜਾ ਹੋਇਆ ਹੈ ਇਹ ਸਪੱਸ਼ਟ ਨਹੀਂ ਹੈ।
