ਪਤੀ ਹੀ ਨਿਕਲਿਆ ਪਤਨੀ ਦਾ ਕਾਤਲ, ਗ੍ਰਿਫ਼ਤਾਰ
Monday, Dec 29, 2025 - 05:09 PM (IST)
ਬਠਿੰਡਾ (ਸੁਖਵਿੰਦਰ) : ਪਤਨੀ ਦਾ ਕਤਲ ਕਰਕੇ ਝਾੜੀਆਂ 'ਚ ਸੁੱਟਣ ਦੇ ਦੋਸ਼ਾਂ 'ਚ ਪੁਲਸ ਵਲੋਂ ਵਿਆਹੁਤਾ ਦੇ ਪਤੀ ਨੂੰ ਗ੍ਰਿਫ਼ਤਾਰ ਕਰਕੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਐਤਵਾਰ ਨੂੰ ਠੰਡੀ ਸੜਕ ਸਥਿਤ ਝਾੜੀਆਂ ਵਿਚੋਂ ਰੀਤਿਕਾ 23 ਪਤਨੀ ਸਾਹਿਲ ਕੁਮਾਰ ਉਰਫ਼ ਰੌਣਕ ਵਾਸੀ ਜਨਤਾ ਨਗਰ ਦੀ ਲਾਸ਼ ਬਰਾਮਦ ਹੋਈ ਸੀ, ਇਸ ਤੋਂ ਬਾਅਦ ਮ੍ਰਿਤਕਾ ਦੇ ਪਤੀ ਸਾਹਿਲ ਉਰਫ਼ ਰੌਣਕ ਵਲੋਂ ਇਕ ਵਿਅਕਤੀ 'ਤੇ ਕਤਲ ਕਰਨ ਦੇ ਦੋਸ਼ਾਂ ਲਗਾਏ ਸਨ। ਪੁਲਸ ਵਲੋਂ ਮ੍ਰਿਤਕਾ ਦੀ ਮਾਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਜਾਣਕਾਰੀ ਦਿੰਦਿਆ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਐਤਵਾਰ ਨੂੰ ਠੰਡੀ ਸੜਕ ਸਥਿਤ ਝਾੜੀਆਂ ਵਿਚ 23 ਸਾਲਾ ਰੀਤਿਕਾ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਤੋਂ ਬਾਅਦ ਪੁਲਸ ਵਲੋਂ ਥਾਣਾ ਕੈਨਾਲ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਪੁਲਸ ਵਲੋਂ ਸ਼ੱਕ ਦੇ ਆਧਾਰ 'ਤੇ ਮ੍ਰਿਤਕਾ ਦੇ ਪਤੀ ਤੋਂ ਜਦੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਸਾਹਿਲ ਕੁਮਾਰ ਆਪਣੀ ਪਤਨੀ 'ਤੇ ਸ਼ੱਕ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਇਕ ਦੁਕਾਨ 'ਤੇ ਕੰਮ ਕਰਦੀ ਸੀ। ਘਟਨਾ ਵਾਲੇ ਦਿਨ ਮੁਲਜ਼ਮ ਨੇ ਆਪਣੀ ਪਤਨੀ ਨੂੰ ਬਾਹਰ ਖਾਣ-ਪੀਣ ਦਾ ਬਹਾਨਾ ਲਗਾ ਕੇ ਬੁਲਾ ਲਿਆ ਅਤੇ ਠੰਡੀ ਸੜਕ ਨਜ਼ਦੀਕ ਝਾੜੀਆਂ ਵਿਚ ਲੈ ਗਿਆ। ਉਕਤ ਜਗ੍ਹਾ 'ਤੇ ਜਾ ਕੇ ਮੁਲਜ਼ਮ ਨੇ ਚਾਕੂ ਨਾਲ ਆਪਣੀ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਕਤਲ ਨੂੰ ਛੁਪਾਉਣ ਲਈ ਮੁਲਜ਼ਮ ਵਲੋਂ ਬਾਅਦ ਵਿਚ ਆਪਣੀ ਪਤਨੀ ਦੇ ਗੁੰਮ ਹੋਣ ਦੀ ਝੂਠੀ ਰਿਪੋਰਟ ਦਰਜ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਰੀਤਿਕਾ ਦਾ ਸਾਹਿਲ ਕੁਮਾਰ ਨਾਲ ਪ੍ਰੇਮ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ ਇਕ 2 ਸਾਲ ਦਾ ਬੱਚਾ ਵੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
