ਕੋਵਿਡ ਵੈਕਸੀਨ ਦਾ ਸਰਟੀਫਿਕੇਟ ਅਪਲੋਡ ਕਰਨ ਮਗਰੋਂ ਹੀ ਰਿਲੀਜ਼ ਹੋਵੇਗੀ ਤਨਖ਼ਾਹ
Thursday, Apr 13, 2023 - 01:12 PM (IST)
ਲੁਧਿਆਣਾ (ਹਿਤੇਸ਼) : ਕੋਵਿਡ ਦੇ ਵੱਧਦੇ ਪ੍ਰਭਾਵ ਦੇ ਮੱਦੇਨਜ਼ਰ ਮੁਲਾਜ਼ਮਾਂ ਦੀ ਵੈਕਸੀਨੇਸ਼ਨ ਯਕੀਨੀ ਬਣਾਉਣ ਸਬੰਧੀ ਨਗਰ ਨਿਗਮ ਵਲੋਂ ਗੰਭੀਰਤਾ ਦਿਖਾਈ ਗਈ ਹੈ। ਇਸ ਤਹਿਤ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਅਪਲੋਡ ਕਰਨ ਤੋਂ ਬਾਅਦ ਹੀ ਨਗਰ ਨਿਗਮ ਮੁਲਾਜ਼ਮਾਂ ਦੀ ਤਨਖ਼ਾਹ ਰਿਲੀਜ਼ ਕਰਨ ਦੀ ਸ਼ਰਤ ਲਗਾਈ ਗਈ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਕਮਿਸ਼ਨਰ ਵਲੋਂ ਫਰਜ਼ੀਵਾੜਾ ਰੋਕਣ ਲਈ ਆਨਲਾਈਨ ਸਿਸਟਮ ਜਰੀਏ ਨਗਰ ਨਿਗਮ ਮੁਲਾਜ਼ਮਾਂ ਦੀ ਤਨਖ਼ਾਹ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਸਿਸਟਮ 'ਚ ਮੁਲਾਜ਼ਮਾਂ ’ਤੇ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਅਪਲੋਡ ਕਰਨ ਦੀ ਸ਼ਰਤ ਲਗਾਈ ਗਈ ਹੈ। ਇਸ ਸਬੰਧੀ ਲਿੰਕ ਸਾਰੇ ਮੁਲਾਜ਼ਮਾਂ ਨੂੰ ਭੇਜ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੀ ਸਾਫਟਵੇਅਰ ਜਰੀਏ ਮੁਲਾਜ਼ਮਾਂ ਨੂੰ ਤਨਖ਼ਾਹ ਰਿਲੀਜ਼ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।
ਆਨਲਾਈਨ ਕੀਤਾ ਗਿਆ ਸਰਵਿਸ ਰਿਕਾਰਡ
ਨਗਰ ਨਿਗਮ ਵਲੋਂ ਮੁਲਾਜ਼ਮਾਂ ਦਾ ਸਰਵਿਸ ਰਿਕਾਰਡ ਵੀ ਆਨਲਾਈਨ ਕੀਤਾ ਗਿਆ ਹੈ। ਜਿਸ ਨਾਲ ਰਿਕਾਰਡ ਗੁੰਮ ਹੋਣ ਜਾਂ ਟੈਂਪਰਿੰਗ ਹੋਣ ਦੀ ਸਮੱਸਿਆ ਖ਼ਤਮ ਹੋ ਜਾਵੇਗੀ।