ਗਰਮੀ ਆਉਂਦੇ ਹੀ ਬਿਜਲੀ ਦੇ ਕੱਟ ਲੱਗਣੇ ਵੀ ਸ਼ੁਰੂ

Tuesday, Mar 10, 2026 - 02:53 PM (IST)

ਗਰਮੀ ਆਉਂਦੇ ਹੀ ਬਿਜਲੀ ਦੇ ਕੱਟ ਲੱਗਣੇ ਵੀ ਸ਼ੁਰੂ

ਤਲਵੰਡੀ ਭਾਈ (ਪਾਲ) : ਗਰਮੀ ਦੇ ਮੌਸਮ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ, ਹੁਣ ਉੱਥੇ ਪੰਜਾਬ ਦਾ ਬਿਜਲੀ ਕਾਰਪੋਰੇਸ਼ਨ ਵੀ ਖ਼ਪਤਕਾਰਾਂ ਨੂੰ ਆਪਣੇ ਰੰਗ ਵਿਖਾਉਣੇ ਸ਼ੁਰੂ ਕਰਨ ਲੱਗਾ ਹੈ। ਸਰਦੀਆਂ 'ਚ ਜਿੱਥੇ ਬਿਜਲੀ ਕਾਰਪੋਰੇਸ਼ਨ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਇਆ, ਹੁਣ ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਰਾਤ ਨੂੰ ਤੇ ਦਿਨ ਵੇਲੇ ਵੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਬਿਜਲੀ ਦੇ ਕੱਟਾਂ ਕਾਰਨ ਫੈਕਟਰੀਆਂ, ਕਾਰਖਾਨੇ ਅਤੇ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਲੋਕਾਂ ਨੂੰ ਜਿੱਥੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਉੱਥੇ ਸਵੇਰੇ ਹੀ ਕੱਟ ਲੱਗ ਜਾਂਦੇ ਹਨ।

ਇਸ ਕਾਰਨ ਸਕੂਲਾਂ 'ਚ ਜਾਣ ਵਾਲੇ ਬੱਚੇ ਅਤੇ ਨੌਕਰੀਆਂ 'ਤੇ ਜਾਣ ਵਾਲੇ ਮੁਲਾਜ਼ਮ ਅਤੇ ਵਪਾਰੀ ਵਰਗ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਇਹ ਵਕਤ ਸਕੂਲ, ਦਫ਼ਤਰ, ਦੁਕਾਨਾਂ ਆਦਿ 'ਤੇ ਜਾਣ ਲਈ ਨਹਾਉਣ-ਧੌਣ ਦਾ ਹੁੰਦਾ ਹੈ। ਲਾਈਟ ਨਾ ਹੋਣ ਕਾਰਨ ਪਾਣੀ ਵੀ ਨਹੀਂ ਆਉਂਦਾ, ਕਿਉਂਕਿ ਇੱਥੇ ਜੋ ਵਾਟਰ ਟੈਂਕੀ ਹੈ, ਇਹ ਸਿਰਫ ਚਿੱਟਾ ਹਾਥੀ ਸਾਬਤ ਹੋ ਰਹੀ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਇਸ ਵੱਲ ਵਿਸ਼ੇਸ਼ ਧਿਆਨ ਦੇਵੇ। ਬਦਲਦੇ ਇਸ ਮੌਸਮ ਵਿਚ ਸ਼ੁਰੂ ਹੋ ਚੁੱਕੇ ਬਿਜਲੀ ਦੇ ਕੱਟਾਂ ਤੋਂ ਲੱਗਦਾ ਹੈ ਕਿ ਕਿਤੇ ਬਿਜਲੀ ਆਉਣ ਵਾਲੇ ਗਰਮੀ ਦੇ ਦਿਨਾਂ ਵਿਚ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਨਾ ਹੋ ਜਾਵੇ।


author

Babita

Content Editor

Related News