ਦੋਸ਼ੀ ਦਾ ਰਿਮਾਂਡ ਮੰਗ ਰਹੀ ਸੀ ਪੁਲਸ, ਕੋਰਟ ਨੇ ਭੇਜਿਆ ਨਿਆਇਕ ਹਿਰਾਸਤ ''ਚ
Tuesday, Jul 11, 2017 - 02:24 PM (IST)

`ਅੰਮ੍ਰਿਤਸਰ - ਧੋਖਾਧੜੀ ਅਤੇ ਜਾਲਸਾਜ਼ੀ ਦੇ ਮਾਮਲੇ 'ਚ ਸਥਾਨਕ ਅਦਾਲਤ 'ਚ ਸਰੈਂਡਰ ਕਰਨ ਵਾਲੇ ਪ੍ਰਵੀਨ ਟੰਡਨ ਖਿਲਾਫ ਥਾਣਾ ਛੇਹਰਟਾ ਦੀ ਪੁਲਸ ਟਰਾਇਲ ਕੋਰਟ ਜੇ. ਐੱਮ. ਆਈ. ਸੀ. ਹਰੀਸ਼ ਕੁਮਾਰ ਦੀ ਅਦਾਲਤ ਤੋਂ ਲਗਾਤਾਰ ਤੀਸਰੀ ਵਾਰ ਪੁਲਸ ਰਿਮਾਂਡ ਹਾਸਲ ਕਰਨ ਦੇ ਯਤਨ ਕਰਦੀ ਰਹੀ।
ਡਿਫੈਂਸ ਕੌਂਸਲ ਨਵੀਨ ਮਹਾਜਨ ਵੱਲੋਂ ਪੁੱਖਤਾ ਸਬੂਤਾਂ ਦੇ ਆਧਾਰ ਉੱਤੇ ਸਖਤ ਵਿਰੋਧ ਕਰਨ ਦੇ ਪਿੱਛੋਂ ਅਦਾਲਤ ਨੇ ਕਥਿਤ ਦੋਸ਼ੀ ਖਿਲਾਫ ਮੁੜ ਪੁਲਸ ਰਿਮਾਂਡ ਜਾਰੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਹਾਲਾਂਕਿ ਪੁਲਸ ਟੰਡਨ ਦੇ ਖਿਲਾਫ ਮੁੜ ਤਿੰਨ ਦਿਨ ਦਾ ਰਿਮਾਂਡ ਦਿੱਤੇ ਜਾਣ ਦੀ ਬੇਨਤੀ ਕਰ ਰਹੀ ਸੀ ਪਰ ਅਦਾਲਤ ਨੇ ਪੁਲਸ ਦੀ ਇਸ ਬੇਨਤੀ ਨੂੰ ਪੂਰੀ ਤਰ੍ਹਾਂ ਖਾਰਿਜ਼ ਕਰਦੇ ਹੋਏ ਕਥਿਤ ਦੋਸ਼ੀ ਨੂੰ 24 ਜੁਲਾਈ ਤੱਕ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਇਸ ਨਾਲ ਹੁਣ ਉਸ ਦੀ ਜ਼ਮਾਨਤ ਪਟੀਸ਼ਨ ਦਾਇਰ ਕਰਨ ਦਾ ਰਸਤਾ ਸਾਫ ਹੋ ਗਿਆ ਹੈ ।
ਪ੍ਰਵੀਨ ਟੰਡਨ ਨੇ ਅਦਾਲਤ ਦੇ ਬਾਹਰ ਖਾਸ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਵੱਲੋਂ ਅਦਾਲਤ 'ਚ ਸਰੈਂਡਰ ਕਰਨ ਪਿੱਛੋ ਜਿਸ ਤਰ੍ਹਾਂ ਨਾਲ ਉਸ ਦੀ ਪਤਨੀ ਜੋਤੀ ਟੰਡਨ ਨੇ ਮੋਰਚਾ ਸੰਭਾਲਦੇ ਹੋਏ ਮਾਮਲੇ ਸਬੰਧੀ ਸਾਰੀ ਅਸਲੀਅਤ ਸਾਹਮਣੇ ਲੈ ਕੇ ਆਉਣ ਦਾ ਯਤਨ ਕੀਤਾ ਹੈ, ਇਹ ਉਸ ਦੀ ਪਤਨੀ ਦੀ ਹਿੰਮਤ ਹੀ ਸੀ। ਪਤਨੀ ਵਲੋਂ ਕਾਨੂੰਨੀ ਲੜਾਈ ਦਾ ਮੋਰਚਾ ਸੰਭਾਲਦੇ ਤੋਂ ਬਾਅਦ ਉਨ੍ਹਾਂ ਦਾ ਆਪਣਾ ਵੀ ਕਾਨੂੰਨੀ ਲੜਾਈ ਲੜਨ ਲਈ ਹੌਂਸਲਾ ਵਧਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਕੁਝ ਹੋਰ ਵੀ ਤੱਥ ਸਾਹਮਣੇ ਲੈ ਕੇ ਆਉਣਗੇ, ਜੋ ਉਨ੍ਹਾਂ ਨੂੰ ਨਿਰਦੋਸ਼ ਸਾਬਿਤ ਕਰਨ ਲਈ ਕਾਫੀ ਹੋਣਗੇ।