ਪੰਜਾਬ ਪੁਲਸ ਦੀ ਵਾਇਰਲ ਆਡੀਓ ਮਾਮਲੇ ''ਚ ਹਾਈ ਕੋਰਟ ਦੇ ਸਖ਼ਤ ਹੁਕਮ
Wednesday, Dec 10, 2025 - 04:20 PM (IST)
ਚੰਡੀਗੜ੍ਹ: ਪੰਜਾਬ ਦੀ ਪਟਿਆਲਾ ਪੁਲਸ ਦੀ ਕਥਿਤ ਆਡੀਓ ਰਿਕਾਰਡਿੰਗ ਦੀ ਜਾਂਚ ਹੁਣ ਚੰਡੀਗੜ੍ਹ ਦੀ ਲੈਬ ਤੋਂ ਕਰਵਾਈ ਜਾਵੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਇਹ ਆਦੇਸ਼ ਜਾਰੀ ਕੀਤੇ ਗਏ। ਇਸ ਕਥਿਤ ਆਡੀਓ ਰਿਕਾਰਡਿੰਗ ਦੇ ਮਾਮਲੇ ਵਿਚ ਪਟਿਆਲਾ ਦੇ ਐੱਸ.ਐੱਸ.ਪੀ. ਵਰੁਣ ਸ਼ਰਮਾ ਨੂੰ ਅਚਾਨਕ ਛੁੱਟੀ 'ਤੇ ਭੇਜ ਦਿੱਤਾ ਗਿਆ। ਐੱਸ.ਐੱਸ.ਪੀ. ਸ਼ਰਮਾ ਖਿਲਾਫ਼ ਇਹ ਕਾਰਵਾਈ ਹਾਈ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਹੋਈ। ਉਨ੍ਹਾਂ ਦੀ ਥਾਂ 'ਤੇ ਸੰਗਰੂਰ ਦੇ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਨੂੰ ਪਟਿਆਲਾ ਦੇ ਐੱਸ.ਐੱਸ.ਪੀ. ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਹ ਕਾਲ ਰਿਕਾਰਡਿੰਗ ਪੋਸਟ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇਹ ਰਿਕਾਰਡਿੰਗ ਪਟਿਆਲਾ ਪੁਲਸ ਦੀ ਕਾਨਫਰੰਸ ਕਾਲ ਮੀਟਿੰਗ ਦੀ ਹੈ। ਰਿਕਾਰਡਿੰਗ ਵਿਚ ਐੱਸ.ਐੱਸ.ਪੀ. ਵਰੁਣ ਸ਼ਰਮਾ ਕਥਿਤ ਤੌਰ 'ਤੇ ਡੀ.ਐੱਸ.ਪੀਜ਼ ਨੂੰ ਅਕਾਲੀ ਉਮੀਦਵਾਰਾਂ ਨਾਲ ਨਾਮਜ਼ਦਗੀ ਸਮੇਂ ਧੱਕੇਸ਼ਾਹੀ ਕਰਨ ਲਈ ਕਹਿ ਰਹੇ ਸਨ। ਕਥਿਤ ਤੌਰ 'ਤੇ, ਐੱਸ.ਐੱਸ.ਪੀ. ਨੇ ਪੁਲਸ ਵਾਲਿਆਂ ਨੂੰ ਨਾਮਜ਼ਦਗੀ ਪੱਤਰ ਖੋਹਣੇ ਜਾਂ ਪਾੜਨੇ, ਜਿਹੜੇ ਵੀ ਕੰਮ ਕਰਨੇ ਹੋਣ, ਉਹ ਉਮੀਦਵਾਰਾਂ ਦੇ ਘਰਾਂ, ਪਿੰਡਾਂ ਜਾਂ ਰਸਤੇ ਵਿੱਚ ਕਰਨ ਲਈ ਕਿਹਾ ਸੀ, ਤਾਂ ਜੋ ਨਾਮਜ਼ਦਗੀ ਕੇਂਦਰਾਂ ਵਿਚ ਕੋਈ ਹਰਕਤ ਨਾ ਹੋਵੇ।
ਹਾਲਾਂਕਿ, ਪਟਿਆਲਾ ਪੁਲਸ ਨੇ ਸ਼ੁਰੂ ਵਿਚ ਇਸ ਆਡੀਓ ਨੂੰ AI ਨਾਲ ਬਣਾਇਆ ਗਿਆ ਫਰਜ਼ੀ ਵੀਡੀਓ ਕਹਿ ਕੇ ਖਾਰਜ ਕਰ ਦਿੱਤਾ ਸੀ। ਇਸ 'ਤੇ ਅਕਾਲੀ ਦਲ ਨੇ ਸਵਾਲ ਚੁੱਕੇ ਸਨ ਕਿ ਪੁਲਸ ਨੇ ਇਸ ਨੂੰ ਫਰਜ਼ੀ ਕਰਾਰ ਦੇਣ ਤੋਂ ਪਹਿਲਾਂ ਕਿਸ ਲੈਬ ਜਾਂ ਏਜੰਸੀ ਤੋਂ ਇਸ ਦੀ ਜਾਂਚ ਕਰਵਾਈ ਸੀ। ਹੁਣ ਹਾਈਕੋਰਟ ਦੇ ਆਦੇਸ਼ਾਂ ਮਗਰੋਂ ਚੰਡੀਗੜ੍ਹ ਲੈਬ ਤੋਂ ਜਾਂਚ ਹੋਵੇਗੀ।
