ਹੱਥਕੜੀ ਖੋਲ੍ਹਦਿਆਂ ਹੀ ਅਦਾਲਤ ਦੀ ਤੀਜੀ ਮੰਜ਼ਿਲ ਤੋਂ ਹਵਾਲਾਤੀ ਫਰਾਰ

Sunday, Jun 10, 2018 - 12:28 PM (IST)

ਮੋਹਾਲੀ (ਕੁਲਦੀਪ) : ਜ਼ਿਲਾ ਅਦਾਲਤੀ ਕੰਪਲੈਕਸ ਵਿਚ ਸ਼ਨੀਵਾਰ ਦੁਪਹਿਰ ਨੂੰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਅਦਾਲਤ ਦੀ ਤੀਜੀ ਮੰਜ਼ਿਲ ਤੋਂ ਇਕ ਹਵਾਲਾਤੀ ਤਿੰਨ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸਦਾ ਨਾਂ ਨਵਰੂਪ ਸਿੰਘ ਹੈ, ਜੋ ਕਿ ਮੋਹਾਲੀ ਦੇ ਸੈਕਟਰ-82 ਸਥਿਤ ਬਾਜ਼ ਟੂਰ ਐਂਡ ਟਰੈਵਲਜ਼ ਕੰਪਨੀ ਦਾ ਮਾਲਕ ਸੀ । ਉਸ ਦੇ ਫਰਾਰ ਹੋਣ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਸਿਟੀ-2 ਰਮਨਦੀਪ ਸਿੰਘ ਤੇ ਸੋਹਾਣਾ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਅਦਾਲਤੀ ਕੰਪਲੈਕਸ ਵਿਚ ਪਹੁੰਚ ਕੇ ਉਥੇ ਤਾਇਨਾਤ ਪੁਲਸ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ । 
ਮਾਨਸਾ ਜੇਲ ਤੋਂ ਲੈ ਕੇ ਆਏ ਸਨ ਪੇਸ਼ੀ 'ਤੇ
ਹਵਾਲਾਤੀ ਨਵਰੂਪ ਸਿੰਘ ਇਸ ਸਮੇਂ ਮਾਨਸਾ ਜੇਲ ਵਿਚ ਬੰਦ ਸੀ । ਅੱਜ ਉਸ ਨੂੰ ਸੋਹਾਣਾ ਪੁਲਸ ਸਟੇਸ਼ਨ ਵਿਚ ਦਰਜ ਇਕ ਠੱਗੀ ਦੇ ਕੇਸ ਵਿਚ ਪੇਸ਼ੀ ਲਈ ਮਾਨਸਾ ਪੁਲਸ ਦੇ ਤਿੰਨ ਮੁਲਾਜ਼ਮ ਹੌਲਦਾਰ ਗੁਰਦੀਪ ਸਿੰਘ, ਜਗਰੂਪ ਸਿੰਘ ਤੇ ਕਾਂਸਟੇਬਲ ਗੁਰਪ੍ਰੀਤ ਸਿੰਘ ਲੈ ਕੇ ਆਏ ਹੋਏ ਸਨ । 
ਜਾਣਕਾਰੀ ਮੁਤਾਬਕ ਮਾਨਸਾ ਪੁਲਸ ਦੇ ਤਿੰਨ ਕਰਮਚਾਰੀ ਉਸ ਨੂੰ ਹੱਥਕੜੀ ਲਾ ਕੇ ਅਦਾਲਤ ਵਿਚ ਪੇਸ਼ ਕਰਨ ਲਈ ਲੈ ਕੇ ਆਏ ਸਨ । ਤੀਜੀ ਮੰਜ਼ਿਲ 'ਤੇ ਸਥਿਤ ਅਦਾਲਤ ਵਿਚ ਪੇਸ਼ੀ ਤੋਂ ਪਹਿਲਾਂ ਜਿਵੇਂ ਹੀ ਉਸ ਦੀ ਹੱਥਕੜੀ ਖੋਲ੍ਹੀ ਤਾਂ ਉਹ ਪੁਲਸ ਕਰਮਚਾਰੀਆਂ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ । 
ਅਦਾਲਤ 'ਚ ਪੁਲਸ ਕਰਮਚਾਰੀਆਂ ਨੂੰ ਨਹੀਂ ਦਿੱਤੀ ਜਾਣਕਾਰੀ
ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਹਵਾਲਾਤੀ ਨਵਰੂਪ ਸਿੰਘ ਫਰਾਰ ਹੋਇਆ ਤਾਂ ਉਸ ਦੇ ਨਾਲ ਵਾਲੇ ਤਿੰਨਾਂ ਪੁਲਸ ਮੁਲਾਜ਼ਮਾਂ ਨੇ ਅਦਾਲਤ ਦੇ ਗੇਟ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ, ਬਲਿਕ ਆਪਣੇ ਪੱਧਰ 'ਤੇ ਉਸ ਨੂੰ ਲਭਦੇ ਰਹੇ । 
ਪਗੜੀ ਉਤਾਰ ਕੇ ਭੱਜਿਆ ਹਵਾਲਾਤੀ 
ਪਤਾ ਲੱਗਾ ਹੈ ਕਿ ਜਦੋਂ ਹਵਾਲਾਤੀ ਨਵਰੂਪ ਸਿੰਘ ਨੂੰ ਜੇਲ ਤੋਂ ਪੇਸ਼ੀ 'ਤੇ ਅਦਾਲਤ ਵਿਚ ਲਿਆਂਦਾ ਗਿਆ ਤਾਂ ਉਸ ਨੇ ਸਿਰ 'ਤੇ ਲਾਲ ਰੰਗ ਦੀ ਪਗੜੀ ਬੰਨ੍ਹੀ ਹੋਈ ਸੀ । ਜਿਵੇਂ ਹੀ ਉਹ ਅਦਾਲਤ ਤੋਂ ਫਰਾਰ ਹੋਇਆ ਤਾਂ ਉਸ ਨੇ ਪਗੜੀ ਉਤਾਰ ਕੇ ਅਦਾਲਤ ਵਿਚ ਸੁੱਟ ਦਿੱਤੀ, ਤਾਂ ਕਿ ਬਾਹਰ ਉਸ ਦੀ ਪਛਾਣ ਨਾ ਹੋ ਸਕੇ । 
ਲੁਕਆਊਟ ਨੋਟਿਸ ਜਾਰੀ ਕਰਕੇ ਕੀਤਾ ਸੀ ਗ੍ਰਿਫਤਾਰ 
ਜ਼ਿਲਾ ਮੋਹਾਲੀ ਦੇ ਸੋਹਾਣਾ ਪੁਲਸ ਥਾਣੇ ਵਿਚ ਟਰੈਵਲ ਏਜੰਟ ਨਵਰੂਪ ਸਿੰਘ ਤੇ ਉਸ ਦੀ ਪਤਨੀ ਚੰਨਪ੍ਰੀਤ ਕੌਰ ਖਿਲਾਫ ਲੁਧਿਆਣਾ ਨਿਵਾਸੀ ਦਲਜੀਤ ਸਿੰਘ ਦੀ ਸ਼ਿਕਾਇਤ 'ਤੇ ਐੱਫ. ਆਈ. ਆਰ. ਨੰਬਰ 54 ਦਰਜ ਕੀਤੀ ਗਈ ਸੀ । ਉਸ 'ਤੇ ਇਲਜ਼ਾਮ ਸੀ ਕਿ ਉਸ ਨੇ ਵਿਦੇਸ਼ ਤੋਂ ਜਾਅਲੀ ਰਿਟਰਨ ਟਿਕਟਾਂ ਦਿਵਾ ਕੇ ਦਲਜੀਤ ਸਿੰਘ ਦੇ ਨਾਲ ਠੱਗੀ ਮਾਰੀ ਸੀ । ਸੋਹਾਣਾ ਪੁਲਸ ਨੇ ਲੁਕਆਊਟ ਨੋਟਿਸ ਜਾਰੀ ਕਰਵਾ ਕੇ ਇਸ ਸਾਲ ਅਪ੍ਰੈਲ ਮਹੀਨੇ ਵਿਚ ਨਵਰੂਪ ਸਿੰਘ ਤੇ ਉਸ ਦੀ ਪਤਨੀ ਚੰਨਪ੍ਰੀਤ ਕੌਰ ਨੂੰ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਸੀ । 


Related News