ਮੁਲਜ਼ਮਾਂ ਨੂੰ ਫੜਨ ਗਈ ਪੁਲਸ ਟੀਮ ਨੂੰ ਪਿੰਡ ਵਾਲਿਆਂ ਨੇ ਪਾ ਲਿਆ ਘੇਰਾ, ਜਾਨ ਬਚਾਉਣ ਲਈ ਮੁਲਾਜ਼ਮਾਂ ਜੋ ਕੀਤਾ...
Monday, Oct 07, 2024 - 05:48 AM (IST)
ਫਿਰੋਜ਼ਪੁਰ (ਕੁਮਾਰ)– ਫਿਰੋਜ਼ਪੁਰ ਦੇ ਥਾਣਾ ਆਰਿਫ ਕੇ ਦੇ ਪੁਲਸ ਮੁਲਾਜ਼ਮਾਂ ਨੂੰ ਲੋਕਾਂ ਦੀ ਭੀੜ ਵੱਲੋਂ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਸ ਦੀ ਗੱਡੀ ਦੇ ਸ਼ੀਸ਼ਾ ਤੋੜ ਦਿੱਤਾ ਗਿਆ। ਇਸ ਦੌਰਾਨ ਪੁਲਸ ਨੂੰ ਆਪਣੇ ਬਚਾਅ ਲਈ ਹਵਾਈ ਫਾਈਰਿੰਗ ਕਰਨੀ ਪਈ, ਜਿਸ ’ਚ ਤਿੰਨ ਸਿਵਲਿਅਨ ਅਤੇ ਦੋ ਪੁਲਸ ਕਰਮਚਾਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ ਅਤੇ ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ ਅਤੇ ਡੀ.ਐੱਸ.ਪੀ. ਸਿਟੀ ਸਰਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਦੋਂ ਥਾਣਾ ਆਰਿਫ ਕੇ ਦੀ ਪੁਲਸ ਨਾਕਾ ਲਗਾ ਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਮੋਟਰਸਾਈਕਲ ਨਾਲ ਹਾਦਸਾ ਹੋਇਆ ਹੈ, ਜਿਸ ’ਚ ਕੁਝ ਲੋਕਾਂ ਨੂੰ ਸੱਟਾਂ ਲੱਗੀਆਂ ਹਨ ਅਤੇ ਮੋਟਰਸਾਈਕਲ ਸਵਾਰਾਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ।
ਇਸ ਸੂਚਨਾ ’ਤੇ ਜਦੋਂ ਥਾਣਾ ਆਰਿਫ ਕੇ ਦੇ ਐੱਸ.ਐੱਚ.ਓ. ਅਤੇ ਉਨ੍ਹਾਂ ਦੀ ਪੁਲਸ ਪਾਰਟੀ ਘਟਨਾ ਸਥਾਨ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਹਾਦਸੇ ’ਚ ਜ਼ਖਮੀ ਹੋਏ ਵਿਅਕਤੀ ਆਪਣੇ ਘਰਾਂ ਨੂੰ ਜਾ ਚੁੱਕੇ ਸਨ ਅਤੇ ਮੋਟਰਸਾਈਕਲ ਸਵਾਰ ਜੋ ਬਹੁਤ ਨਸ਼ੇ ਵਿਚ ਸਨ, ਪਿੰਡ ਚੱਕ ਹਾਮਦ ਵਾਲਾ ਵੱਲ ਚਲੇ ਗਏ ਸਨ। ਜਦੋਂ ਪੁਲਸ ਪਾਰਟੀ ਉਸ ਪਿੰਡ ’ਚ ਪਹੁੰਚੀ ਤਾਂ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਨ੍ਹਾਂ ਨੇ ਪੁਲਸ ਪਾਰਟੀ ’ਤੇ ਹਮਲਾ ਕਰਦੇ ਪੁਲਸ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਪੁਲਸ ਮੁਲਾਜ਼ਮਾਂ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾਉਣ ਲਈ ਹਵਾਈ ਫਾਇਰ ਕਰਨੇ ਪਏ, ਜਿਸ ’ਚ 3 ਸਿਵਲਿਅਨ ਅਤੇ 2 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਐੱਸ.ਪੀ. ਰਣਧੀਰ ਕੁਮਾਰ ਅਤੇ ਡੀ.ਐੱਸ.ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਘਟਨਾ ਦੀ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ’ਚ ਇਕ ਔਰਤ ਵੀ ਜ਼ਖ਼ਮੀ ਹੋਈ ਹੈ।
ਦੂਜੇ ਪਾਸੇ ਮੋਟਰਸਾਈਕਲ ਸਵਾਰਾਂ ਵੱਲੋਂ ਆਪਣਾ ਪੱਖ ਰੱਖਦਿਆਂ ਪੁਲਸ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਥਾਣਾ ਆਰਿਫ ਕੇ ਦੀ ਪੁਲਸ ’ਤੇ ਗੰਭੀਰ ਦੋਸ਼ ਲਾਏ ਜਾ ਰਹੇ ਹਨ ਅਤੇ ਦੱਸਿਆ ਗਿਆ ਹੈ ਕਿ ਉਹ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ’ਚ ਸੇਵਾ ਕਰ ਕੇ ਵਾਪਸ ਪਿੰਡ ਵੱਲ ਆ ਰਹੇ ਸਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- Exit Poll ; ਹਰਿਆਣਾ 'ਚ ਮੁੜ ਖਿੜੇਗਾ 'ਕਮਲ' ਜਾਂ 10 ਸਾਲ ਬਾਅਦ ਚੱਲੇਗਾ ਕਾਂਗਰਸ ਦਾ 'ਪੰਜਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e