ਸਰਹੱਦ ਨੇੜਿਓਂ ਅੱਧਾ ਕਿੱਲੋ ਹੈਰੋਇਨ ਬਰਾਮਦ, ਬੀ.ਐੱਸ.ਐੱਫ ਨੂੰ ਵੇਖ 4 ਤਸਕਰ ਫਰਾਰ
Thursday, Sep 26, 2024 - 06:01 PM (IST)
ਤਰਨਤਾਰਨ/ਖਾਲੜਾ (ਰਮਨ,ਭਾਟੀਆ,ਚਾਨਣ) - ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਥਾਣਾ ਖਾਲੜਾ ਦੀ ਪੁਲਸ ਨੇ ਡਰੋਨ ਰਾਹੀਂ ਭਾਰਤ ਪੁੱਜੀ 501 ਗ੍ਰਾਮ ਹੈਰੋਇਨ ਦੇ ਪੈਕਟ ਨੂੰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਦਕਿ ਇਸ ਹੈਰੋਇਨ ਦੀ ਖੇਪ ਨਾਲ ਸਬੰਧਤ ਪੁਲਸ ਨੂੰ ਵੇਖ ਫਰਾਰ ਹੋਏ 4 ਮੁਲਜ਼ਮਾਂ ਵਿਚੋਂ 2 ਦੀ ਪਹਿਚਾਣ ਕਰ ਲਈ ਗਈ ਹੈ, ਜਿਨ੍ਹਾਂ ਖਿਲਾਫ ਪਰਚਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਆਪਣਾ ਚਾਰਜ ਸੰਭਾਲਦੇ ਹੀ ਪਾਕਿਸਤਾਨ ਤੋਂ ਭਾਰਤ ਪੁੱਜੀ ਹੈਰੋਇਨ ਦੀ ਖੇਪ ਨੂੰ ਬਰਾਮਦ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੇ ਐੱਸ.ਐੱਸ.ਪੀ ਗੌਰਵ ਤੂਰਾ ਵੱਲੋਂ ਸਰਹੱਦੀ ਇਲਾਕੇ ਵਿਚ ਨਸ਼ਾ ਤਸਕਰਾਂ ਉਪਰ ਸ਼ਿਕੰਜਾ ਕੱਸਣ ਸਬੰਧੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਚੱਲਦਿਆਂ ਥਾਣਾ ਖਾਲੜਾ ਦੀ ਪੁਲਸ ਅਤੇ ਬੀ.ਐੱਸ.ਐੱਫ 103 ਬਟਾਲੀਅਨ ਨੂੰ ਮਿਲੀ ਸੂਚਨਾ ਦੇ ਤਹਿਤ ਜਦੋਂ ਟੀਮ ਤਲਾਸ਼ੀ ਲਈ ਬਗੀਚਾ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਡਲ ਦੇ ਖੇਤਾਂ ਵਿਚ ਪੁੱਜੀ।
ਇਸ ਮੌਕੇ ਮੌਜੂਦ ਚਾਰ ਵਿਅਕਤੀਆਂ ਵੱਲੋਂ ਟੀਮ ਨੂੰ ਵੇਖਦੇ ਹੋਏ ਇਕ ਪੀਲੇ ਰੰਗ ਦਾ ਪੈਕਟ ਖੇਤਾਂ ਵਿਚ ਸੁੱਟ ਫਰਾਰ ਹੋ ਗਏ। ਪੁਲਸ ਵੱਲੋਂ ਇਸ ਦੌਰਾਨ ਦੋ ਵਿਅਕਤੀਆਂ ਦੀ ਪਹਿਚਾਣ ਕਰ ਲਈ ਹੈ, ਜਿਨ੍ਹਾਂ ਦੇ ਨਾਮ ਮੂਰਤੀ ਪੁੱਤਰ ਦੇਸਾ ਅਤੇ ਉਸਦਾ ਬੇਟਾ ਸਲਵਿੰਦਰ ਸਿੰਘ ਨਿਵਾਸੀ ਪਿੰਡ ਡਲ ਵਜੋਂ ਸਾਹਮਣੇ ਆਈ। ਬਰਾਮਦ ਕੀਤੇ ਗਏ ਪੈਕਟ ਦੀ ਤਲਾਸ਼ੀ ਲੈਣ ਉਪਰੰਤ ਉਸ ਵਿਚੋਂ 501 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਨੂੰ ਕਬਜ਼ੇ ਵਿਚ ਲੈਂਦੇ ਹੋਏ ਉਕਤ ਵਿਅਕਤੀਆਂ ਖਿਲਾਫ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।