ਭਖੀ ਰਹੇਗੀ ਪੰਜਾਬ ਦੀ ਸਿਆਸਤ! ਛੇਤੀ ਹੀ ਜ਼ਿਮਨੀ ਅਤੇ ਨਗਰ ਨਿਗਮ ਚੋਣਾਂ ਕਰਵਾਉਣ ਦੀ ਤਿਆਰੀ
Saturday, Oct 05, 2024 - 10:44 AM (IST)
ਜਲੰਧਰ (ਧਵਨ)– ਪੰਜਾਬ ’ਚ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਵਿਚ ਸ਼ਾਮਲ ਹੋ ਗਈਆਂ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਸਾਰੀਆਂ ਸਿਆਸੀ ਪਾਰਟੀਆਂ ਦੀ ਪੰਚਾਇਤੀ ਚੋਣਾਂ ਵਿਚ ਪ੍ਰੀਖਿਆ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਐਲਾਨ ਕਰ ਚੁੱਕੇ ਹਨ ਕਿ ਪੰਚਾਇਤੀ ਚੋਣਾਂ ਵਿਚ ਸਰਵਸੰਮਤੀ ਨਾਲ ਫ਼ੈਸਲੇ ਲਏ ਜਾਣਗੇ। ਇਸ ਦੇ ਪਿੱਛੇ ਇਕ ਮਕਸਦ ਇਹ ਹੈ ਕਿ ਇਨ੍ਹਾਂ ਚੋਣਾਂ ਵਿਚ ਧੜੇਬਾਜ਼ੀ ਉਭਰਨ ਦਾ ਜ਼ਿਆਦਾ ਖਦਸ਼ਾ ਰਹਿੰਦਾ ਹੈ ਅਤੇ ਅਖੀਰ ’ਚ ਇਸ ਦਾ ਖਮਿਆਜ਼ਾ ਸਿਆਸੀ ਪਾਰਟੀਆਂ ਨੂੰ ਝੱਲਣਾ ਪੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ - Positive News: ਅੱਜ ਖਾਤਿਆਂ 'ਚ ਆਉਣਗੇ ਪੈਸੇ, PM ਮੋਦੀ ਦਾ ਕਿਸਾਨਾਂ ਨੂੰ ਤੋਹਫ਼ਾ
ਪੰਚਾਇਤੀ ਚੋਣਾਂ ਵਿਚ ਸਰਪੰਚਾਂ ਤੇ ਪੰਚਾਂ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵਿਚ ਧੜੇਬਾਜ਼ੀ ਰਹਿੰਦੀ ਹੈ। ਸੱਤਾਧਾਰੀ ਪਾਰਟੀ ਨੂੰ ਲੈ ਕੇ ਪੰਚਾਇਤੀ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਵਿਚ ਜ਼ਿਆਦਾ ਉਤਸੁਕਤਾ ਵੇਖੀ ਜਾਂਦੀ ਹੈ। ਇਸੇ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਕਿ ਸਰਵਸੰਮਤੀ ਨਾਲ ਪੰਚਾਇਤਾਂ ਵਿਚ ਸਰਪੰਚਾਂ ਤੇ ਪੰਚਾਂ ਦੀ ਚੋਣ ਕਰਵਾ ਲਈ ਜਾਵੇ ਤਾਂ ਜੋ ਇਨ੍ਹਾਂ ਦੀ ਚੋਣ ਨੂੰ ਲੈ ਕੇ ਧੜੇਬਾਜ਼ੀ ’ਤੇ ਰੋਕ ਲੱਗ ਸਕੇ।
ਮੁੱਖ ਮੰਤਰੀ ਨੇ ਆਪਣੇ ਸਾਥੀ ਮੰਤਰੀਆਂ ਤੇ ਵਿਧਾਇਕਾਂ ਨੂੰ ਸੁਨੇਹਾ ਭੇਜਿਆ ਹੈ ਕਿ ਉਹ ਪਿੰਡਾਂ ਵਿਚ ਸਹਿਮਤੀ ਨਾਲ ਪੰਚਾਇਤਾਂ ਦੀ ਚੋਣ ਕਰਵਾਉਣ ਦਾ ਯਤਨ ਕਰਨ। ਉਨ੍ਹਾਂ ਆਪਣੇ ਜੱਦੀ ਪਿੰਡ ਸਤੌਜ ’ਚ ਇਹੀ ਸੁਨੇਹਾ ਦੇਣ ਦਾ ਯਤਨ ਕੀਤਾ ਸੀ। ਕੁਝ ਵਿਧਾਨ ਸਭਾ ਹਲਕਿਆਂ ’ਚ ਮੰਤਰੀਆਂ ਨੇ ਵੀ ਸਰਵਸੰਮਤੀ ਬਣਾਉਣ ਦਾ ਯਤਨ ਕੀਤਾ ਹੈ।
ਪੰਚਾਇਤੀ ਚੋਣਾਂ ਤੋਂ ਬਾਅਦ ਖਾਲੀ ਹੋਈਆਂ ਵਿਧਾਨ ਸਭਾ ਸੀਟਾਂ ਦੀਆਂ ਉਪ-ਚੋਣਾਂ ਹੋਣਗੀਆਂ। ਇਨ੍ਹਾਂ ਸੀਟਾਂ ਵਿਚ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਆਦਿ ਸੀਟਾਂ ਸ਼ਾਮਲ ਹਨ। ਗਿੱਦੜਬਾਹਾ ਸੀਟ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਰਾਜਾ ਅਮਰਿੰਦਰ ਸਿੰਘ ਵੜਿੰਗ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਚੱਬੇਵਾਲ ਵਿਧਾਨ ਸਭਾ ਸੀਟ ਦੇ ਵਿਧਾਇਕ ਡਾ. ਰਾਜ ਕੁਮਾਰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਇਸੇ ਤਰ੍ਹਾਂ ਬਰਨਾਲਾ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਪੰਚਾਇਤੀ ਚੋਣਾਂ ਪਿੱਛੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਵਿਧਾਨ ਸਭਾ ਸੀਟਾਂ ਦੀਆਂ ਉਪ-ਚੋਣਾਂ ਦੀ ਤਿਆਰੀ ਕਰਨੀ ਪਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਸਾਹਮਣੇ ਆਈ ਚਿੰਤਾ ਭਰੀ ਖ਼ਬਰ
ਇਹ ਉਪ-ਚੋਣਾਂ ਹੋਣ ਤੋਂ ਬਾਅਦ ਸਰਕਾਰ ਨੂੰ ਪੰਜਾਬ ’ਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਹੋਰ ਕਾਰਪੋਰੇਸ਼ਨਾਂ ਦੀਆਂ ਚੋਣਾਂ ਕਰਵਾਉਣੀਆਂ ਪੈਣਗੀਆਂ ਤਾਂ ਜੋ ਹੇਠਲੇ ਪੱਧਰ ’ਤੇ ਤਾਕਤਾਂ ਦੀ ਵੰਡ ਕੀਤੀ ਜਾ ਸਕੇ। ਪਿਛਲੇ ਡੇਢ ਸਾਲਾਂ ਤੋਂ ਕਾਰਪੋਰੇਸ਼ਨ ਦੀਆਂ ਚੋਣਾਂ ਨਹੀਂ ਹੋਈਆਂ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਸਾਲ ਜਨਵਰੀ ਜਾਂ ਫਰਵਰੀ ’ਚ ਇਹ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਕੁਝ ਸ਼ਹਿਰਾਂ ਵਿਚ ਵਾਰਡਬੰਦੀ ਸਬੰਧੀ ਕੰਮ ਅਧੂਰਾ ਪਿਆ ਹੋਇਆ ਹੈ। ਇੰਝ ਅਗਲੇ 6 ਮਹੀਨਿਆਂ ’ਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੋਣਾਂ ਦਾ ਪ੍ਰਤੱਖ ਤੌਰ ’ਤੇ ਸਾਹਮਣਾ ਕਰਨਾ ਪਵੇਗਾ।\
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8