ਨਿਗਮ ਦਫਤਰ ''ਚ ਡਾਕ ਨੂੰ ਲੱਗੀਆਂ ਬ੍ਰੇਕਾਂ

02/17/2018 1:29:18 PM

ਅੰਮ੍ਰਿਤਸਰ (ਵੜੈਚ)- ਕਮਿਸ਼ਨਰ ਦਫਤਰ 'ਚ ਡਾਕ ਸਾਈਨ ਕਰਨ ਵਾਲੀਆਂ ਫਾਈਲਾਂ ਦੀਆਂ ਬ੍ਰੇਕਾਂ ਲੱਗਣ ਨਾਲ ਕਈ ਅਧਿਕਾਰੀ, ਕਰਮਚਾਰੀ, ਠੇਕੇਦਾਰ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਕਮਿਸ਼ਨਰ ਸੋਨਾਲੀ ਗਿਰੀ ਦੀ ਦੁਬਾਰਾ ਤਾਇਨਾਤੀ ਤੋਂ ਬਾਅਦ ਦਸੰਬਰ, ਜਨਵਰੀ ਤੇ ਫਰਵਰੀ ਵਿਚ ਡਾਕ ਸਾਈਨ ਨਾ ਹੋਣ ਕਰ ਕੇ ਕਮਿਸ਼ਨਰ ਦਫਤਰ ਵਿਚ ਹੀ ਫਾਈਲਾਂ ਦਾ ਢੇਰ ਲੱਗ ਰਿਹਾ ਹੈ। ਸੀਵਰੇਜ ਤੇ ਵਾਟਰ ਸਪਲਾਈ, ਸਿਵਲ ਅਤੇ ਸਟਰੀਟ ਲਾਈਟਾਂ ਦੇ ਵਿਕਾਸ ਕੰਮ ਅਤੇ ਮੇਨਟੀਨੈਂਸ ਦੀਆਂ ਫਾਈਲਾਂ ਅੱਗੇ ਨਾ ਚੱਲਣ ਕਰ ਕੇ ਸ਼ਹਿਰ ਵਿਚ ਕਈ ਤਰ੍ਹਾਂ ਦੇ ਕੰਮਾਂ ਦੀਆਂ ਬ੍ਰੇਕਾਂ ਲੱਗ ਗਈਆਂ ਹਨ। ਦੂਸਰੇ ਪਾਸੇ ਦੇਖਿਆ ਜਾਵੇ ਤਾਂ ਨਾਜਾਇਜ਼ ਤਰੀਕੇ ਨਾਲ ਬਿਨਾਂ ਜਾਂਚ-ਤਫਤੀਸ਼ ਦੇ ਪਾਸ ਹੋਣ ਵਾਲੀਆਂ ਫਾਈਲਾਂ ਦੇ ਕੰਮਾਂ ਨੂੰ ਤਰੀਕੇ ਨਾਲ ਪਾਸ ਕੀਤਾ ਰਿਹਾ ਹੈ।
ਸੂਚਨਾ ਮੁਤਾਬਕ ਅਜਿਹੀਆਂ ਕਰੀਬ 400 ਫਾਈਲਾਂ ਹਨ ਜਿਨ੍ਹਾਂ 'ਤੇ ਸਾਈਨ ਨਹੀਂ ਹੋ ਰਹੇ। ਉਧਰ ਇਲਾਕਿਆਂ ਦੇ ਕਈ ਅਜਿਹੇ ਜ਼ਰੂਰੀ ਕੰਮ ਵੀ ਹੋਣਗੇ ਜੋ ਫਾਈਲਾਂ ਇਕ ਜਗ੍ਹਾ ਤੋਂ ਸਟਾਪ ਹੋਣ ਕਰ ਕੇ ਰੁਕ ਗਏ ਹਨ, ਜਿਨ੍ਹਾਂ ਕਰ ਕੇ ਲੋਕ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਰਹੇ ਹੋਣਗੇ। ਕਿਤੇ ਪਾਣੀ ਦੀ ਮੋਟਰ ਖਰਾਬ ਹੋਵੇਗੀ ਅਤੇ ਕਿਤੇ ਸੀਵਰੇਜ ਤੇ ਪੀਣ ਦੇ ਪਾਣੀ ਦੀਆਂ ਪਾਈਪਾਂ ਦੀ ਲੀਕੇਜ ਬੰਦ ਨਹੀਂ ਹੋ ਰਹੀ ਹੋਵੇਗੀ।

ਪੀ. ਏ. ਸਾਹਿਬ ਬਣਦੇ ਨੇ ਢਾਲ
ਬਿਨਾਂ ਸਾਈਨ ਦੇ ਪਾਸ ਨਾ ਹੋਣ ਵਾਲੀਆਂ ਫਾਈਲਾਂ ਦੇ ਮਾਮਲੇ ਸਾਹਮਣੇ ਨਾ ਆਉਣ ਵਿਚ ਪੀ. ਏ. ਸਾਹਿਬ ਢਾਲ ਬਣ ਕੇ ਖੜ੍ਹੇ ਹੋ ਜਾਂਦੇ ਹਨ। ਡਾਕ ਦੀਆਂ ਫਾਈਲਾਂ ਦੀ ਫੋਟੋ ਲੈਣ ਸਮੇਂ ਕਮਿਸ਼ਨਰ ਪੀ. ਏ. ਕੈਮਰੇ ਵਿਚ ਆ ਕੇ ਖੜ੍ਹੇ ਹੋ ਗਏ ਅਤੇ ਕਹਿਣ ਲੱਗੇ ਫਾਈਲਾਂ ਦਾ ਕੀ ਹੈ, ਹੋ ਸਕਦਾ ਹੈ ਇਹ ਸ਼ਾਮ ਤੱਕ ਸਾਈਨ ਹੀ ਕਰ ਦਿੱਤੀਆਂ ਜਾਣ। 

ਫਾਈਲਾਂ ਦਾ ਨਿਪਟਾਰਾ ਵੀ ਜ਼ਰੂਰੀ
ਲੰਬੇ ਸਮੇਂ ਤੱਕ ਡਾਕ ਸਾਈਨ ਨਾ ਹੋਣ ਕਾਰਨ ਸ਼ਹਿਰ ਦੇ ਕਈ ਕੰਮ ਵੀ ਪ੍ਰਭਾਵਿਤ ਹੋ ਰਹੇ ਹੋਣਗੇ ਕਿਉਂਕਿ ਜੇਕਰ ਫਾਈਲ ਪਾਸ ਕਰਨੀ ਹੈ ਤਾਂ ਫਾਈਲ ਰਿਜੈਕਟ ਕਰ ਕੇ ਹੋਣ ਵਾਲੇ ਕੰਮਾਂ ਦੀ ਪਹਿਲਾਂ ਜਾਂਚ ਕਰਵਾਈ ਜਾਵੇ। ਕਈ-ਕਈ ਮਹੀਨੇ ਫਾਈਲਾਂ ਨੂੰ ਦਫਤਰ ਦੀ ਨੁੱਕਰ ਵਿਚ ਇਕੱਠਾ ਕਰਨਾ ਵੀ ਜਾਇਜ਼ ਨਹੀਂ ਹੈ, ਡਾਕ ਦਾ ਨਿਪਟਾਰਾ ਹੋਣਾ ਜ਼ਰੂਰੀ ਹੈ।

ਫਾਈਲ ਰੁਕਣ ਨਾਲ ਰੁਕਦਾ ਹੈ ਸੇਵਾ-ਪਾਣੀ
ਕਮਿਸ਼ਨਰ ਦਫਤਰ ਵਿਚ ਫਾਈਲਾਂ ਦੇ ਰੁਕਣ ਨਾਲ ਕਈਆਂ ਦਾ ਸੇਵਾ-ਪਾਣੀ ਵੀ ਰੁਕ ਜਾਂਦਾ ਹੈ ਕਿਉਂਕਿ ਫਾਈਲਾਂ ਨੂੰ ਪਹੀਏ ਲੱਗੇ ਰਹਿਣ ਤੇ ਡਾਕ ਚੱਲਦੀ ਰਹੇ ਤਾਂ ਹੋਣ ਵਾਲੇ ਕੰਮਾਂ 'ਚੋਂ ਕਈਆਂ ਦਾ ਸੇਵਾ-ਪਾਣੀ ਵੀ ਚੱਲਦਾ ਰਹਿੰਦਾ ਹੈ। ਡਾਕ ਰੁਕਣ ਕਰ ਕੇ ਕੰਮਾਂ ਨੂੰ ਬ੍ਰੇਕਾਂ ਲੱਗਦੀਆਂ ਹਨ, ਜੇਕਰ ਕੰਮ ਨਹੀਂ ਚੱਲਣਗੇ ਤਾਂ ਕਈਆਂ ਦਾ ਸੇਵਾ-ਪਾਣੀ ਵੀ ਠੱਪ ਹੀ ਰਹੇਗਾ, ਜਿਸ ਨੂੰ ਦੇਖਦਿਆਂ ਕਈਆਂ ਦੀਆਂ ਨਜ਼ਰਾਂ ਰੁਕੀਆਂ ਫਾਈਲਾਂ 'ਤੇ ਹੀ ਟਿਕੀਆਂ ਹਨ।


Related News